ਪ੍ਰਬੰਧਕੀ ਕੰਪਲੈਕਸ ਮੂਹਰੇ ਆਪਣੀ ਮਾਤਾ ਨਾਲ ਧਰਨਾ ਦਿੰਦੀ ਹੋਈ ਪੀੜਤ ਮਹਿਲਾ, ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਵਜੋਤ ਕੌਰ ਗਰੇਵਾਲ ਏ. ਐਸ. ਪੀ
ਫਤਹਿਗੜ ਸਾਹਿਬ, 25 ਜੂਨ (ਦੀਦਾਰ ਗੁਰਨਾ )- ਜਿਲਾ ਪ੍ਰਬੰਧਕੀ ਕੰਪਲੈਕਸ ਫਤਿਹਗੜ ਸਾਹਿਬ ਵਿਖੇ ਬ੍ਰਾਹਮਣ ਮਾਜਰਾ ਵਸਨੀਕ ਇਕ ਵਿਆਹੁਤਾ ਵੱਲੋਂ ਆਪਣੇ ਪੇਕੇ ਪਰਿਵਾਰਕ ਮੈਂਬਰਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਮਾਮੇ ਸਹੁਰੇ ਉਪਰ ਉਸ ਨਾਲ ਜਬਰਦਸਤੀ ਕਰਨ ਦੇ ਦੋਸ਼ ਲਗਾਏ ਹਨ। ਇਸ ਲਈ ਉਕਤ ਔਰਤ ਆਪਣੀ ਮਾਤਾ ਸਮੇਤ ਜਿਲਾ ਪ੍ਰਬੰਧਕੀ ਕੰਪਲੇਕਸ ਅੱਗੇ ਰੋਸ਼ ਵਜੋ ਕੁਝ ਦੇਰ ਲਈ ਬੈਠ ਵੀ ਗਈ ਸੀ।
ਰਾਣੀ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਸਦਾ ਵਿਆਹ 11 ਅਪ੍ਰੈਲ 2012 ਨੂੰ ਹੋਇਆ ਸੀ। ਉਸਦੇ 2 ਬੇਟੀਆਂ ਤੇ ਇਕ ਬੇਟਾ ਹੈ। ਉਹ ਆਪਣੇ ਸਹੁਰੇ ਪਰਿਵਾਰ ਵਿਚ ਹੀ ਅਲੱਗ ਕਮਰੇ ਵਿਚ ਰਹਿੰਦੀ ਹੈ। ਬੀਤੀ 21 ਅਪ੍ਰੈਲ 2018 ਨੂੰ ਉਸ ਦਾ ਮਾਮਾ ਸਹੁਰਾ ਜੋ ਕਿ ਪੰਜਾਬ ਪੁਲਸ ਵਿਚ ਬਤੌਰ ਹੌਲਦਾਰ ਰਾਜਪੁਰਾ ਵਿਖੇ ਨੌਕਰੀ ਕਰ ਰਿਹਾ ਹੈ, ਨੇ ਪਤਾਰਸੀ ਕਲਾਂ ਵਿਖੇ ਰਾਤ ਨੂੰ ਠਹਿਰਾਓ ਕੀਤਾ । ਜਦੋਂ ਉਹ ਆਪਣੇ ਮਾਮੇ ਸਹੁਰੇ ਨੂੰ ਰੋਟੀ ਦੇਣ ਗਈ ਤਾਂ ਉਸ ਦੇ ਮਾਮੇ ਸਹੁਰੇ ਨੇ ਉਸ ਨਾਲ ਜਬਰਦਸਤੀ ਕੀਤੀ । ਉਸ ਨੇ ਉਕਤ ਘਟਨਾ ਸਬੰਧੀ ਆਪਣੀ ਸੱਸ ਨੂੰ ਦੱਸਿਆ ਤਾਂ ਸੱਸ ਨੇ ਉਲਟਾ ਉਸ ਨੂੰ ਹੀ ਬੁਰਾ ਭਲਾ ਕਿਹਾ । ਇਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਪੇਕੇ ਘਰ ਬ੍ਰਾਹਮਣ ਮਾਜਰਾ ਸਰਹਿੰਦ ਵਿਖੇ ਛੱਡ ਗਿਆ। ਪੀੜਤਾ ਨੇ ਦੱਸਿਆ ਕਿ ਉਸ ਦਿਨ ਤੋਂ ਹੀ ਉਹ ਇਨਸਾਫ ਲਈ ਪੁਲਸ ਵਿਭਾਗ ਦੇ ਚੱਕਰ ਕੱਟ ਰਹੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਸ ਨੇ ਕਥਿਤ ਦੋਸ਼ ਲਗਾਇਆ ਕਿ ਉਸ ਦਾ ਮਾਮਾ ਪੁਲਸ ਵਿਭਾਗ ਵਿਚ ਹੋਣ ਕਾਰਨ ਜਾਂਚ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਕੀ ਕਹਿੰਦਾ ਹੈ ਮਾਮਾ ਸਹੁਰਾ
ਇਸ ਸਬੰਧੀ ਪੀੜਤਾ ਦੇ ਮਾਮੇ ਹੋਲਦਾਰ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਸਾਰੇ ਦੋਸ਼ਾਂ ਨੂੰ ਝੂਠ ਤੇ ਬੇਬੁਨਿਆਦ ਦੱਸਿਆ। ਉਨ੍ਹਾਂ ਦੱਸਿਆ ਕਿ ਉਸ ਦੀ ਭਾਣਜ ਨੂੰਹ ਨੇ ਉਸ ਉਪਰ ਇਲਜ਼ਾਮ ਰੰਜਿਸ਼ ਵਜੋਂ ਲਗਾਏ ਹਨ। ਜਿਸ ਦਿਨ ਉਹ ਜਬਰਦਸਤੀ ਦੀ ਗੱਲ ਕਹਿ ਰਹੀ ਹੈ, ਉਸ ਦਿਨ ਉਹ ਪਟਿਆਲਾ ਵਿਖੇ ਸਥਿਤ ਕਾਲ਼ੀ ਦੇਵੀ ਦੇ ਮੰਦਰ ਵਿਖੇ ਡਿਊਟੀ ਉਪਰ ਤਾਇਨਾਤ ਸੀ । ਜਿਸ ਦੇ ਸਬੂਤ ਉਹ ਜਾਂਚ ਅਧਿਕਾਰੀਆਂ ਨੂੰ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਣਜ ਨੂੰਹ ਆਪਣੀ ਛੋਟੀ ਭੈਣ ਦਾ ਰਿਸ਼ਤਾ ਆਪਣੇ ਦਿਓਰ ਨੂੰ ਕਰਨਾ ਚਾਹੁੰਦੀ ਸੀ, ਪਰ ਮੈਂ ਉਸਦੇ ਦਿਉਰ (ਆਪਣੇ ਭਾਣਜੇ) ਦਾ ਰਿਸ਼ਤਾ ਆਪਣੇ ਸਾਢੂ ਦੀ ਬੇਟੀ ਨਾਲ ਕਰਵਾ ਦਿੱਤਾ, ਜਿਸ ਕਰਕੇ ਉਹ ਗਲਤ ਪ੍ਰਕਾਰ ਦੇ ਇਲਜ਼ਾਮ ਲਗਾ ਰਹੀ ਹੈ। ਉਸਨੇ ਇਹ ਦੱਸਿਆ ਕਿ ਉਹ ਅਪ੍ਰੈਲ 2017 ਤੋਂ ਬਾਅਦ ਪਤਾਰਸੀ ਗਿਆ ਹੀ ਨਹੀ ਹੈ।
ਕੀ ਕਹਿੰਦਾ ਹੈ ਪਤੀ ਸੁਰਿੰਦਰ ਸਿੰਘ
ਇਸ ਸਬੰਧੀ ਲੜਕੀ ਦੇ ਪਤੀ ਸੁਰਿੰਦਰ ਸਿੰਘ ਨਾਲ ਗੱਲ ਕਰਨ ਤੇ ਉਸਨੇ ਸਾਰੇ ਦੋਸ਼ਾ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ। ਉਸਨੇ ਕਿਹਾ ਕਿ ਉਸਦੀ ਪਤਨੀ ਉਸਨੂੰ ਆਪਣੇ ਘਰ ਵਾਲਿਆ ਤੋਂ ਅਲੱਗ ਰਹਿਣ ਲਈ ਝਗੜਾ ਕਰਦੀ ਰਹਿੰਦੀ ਸੀ। ਉਸਦੀ ਛੋਟੀ ਭਰਜਾਈ ਨਾਲ ਵੀ ਝਗੜਦੀ ਰਹਿੰਦੀ ਸੀ। ਜਿਸ ਕਰਕੇ ਉਹ ਅਲੱਗ ਤੋਂ ਮਕਾਨ ਵੀ ਬਣਾ ਰਿਹਾ ਸੀ। ਬੀਤੀ 24 ਅਪ੍ਰੈਲ ਨੂੰ ਉਸਦੀ ਪਤਨੀ ਨੇ ਆਪਣੇ ਪੇਕੇ ਬ੍ਰਾਹਮਣਮਾਜਰਾ ਜਾਕੇ ਆਪਣੀ ਮਾਤਾ ਦੀ ਖਬਰ ਲੈਣ ਲਈ ਕਿਹਾ ਸੀ, ਇਸ ਲਈ ਉਹ ਬੱਚਿਆ ਸਮੇਤ ਉਥੇ ਗਿਆ ਸੀ। ਉਸਤੋਂ ਬਾਦ ਉਸਦੀ ਸੱਸ ਕਹਿਣ ਲੱਗ ਪਈ ਕਿ ਆਪਣੀ ਪਿੰਡ ਵਾਲੀ ਜਗਾ ਵੇਚਦੇ ਅਤੇ ਸਰਹਿੰਦ ਆਕੇ ਰਹਿਣ ਲੱਗ ਜਾਉ। ਜਦੋਂ ਉਸਨੇ ਅਜਿਹਾ ਕਰਨ ਤੋਂ ਜਵਾਬ ਦੇ ਦਿੱਤਾ ਤਾਂ ਉਨ੍ਹਾਂ ਨੇ ਝੂਠੇ ਦੋਸ਼ ਲਗਾਕੇ ਦਰਖਾਸਤਾ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਕ ਦਰਖਾਸਤ ਮਾਨਯੋਗ ਅਦਾਲਤ ਫਤਿਹਗੜ ਵਿਚ ਦੇ ਕੇ ਕੇਸ ਪਾ ਦਿੱਤਾ, ਇਕ ਦਰਖਾਸਤ ਵੂਮੈਨ ਸੈੱਲ ਅਤੇ ਇਕ ਦਰਖਾਸਤ ਏ. ਐਸ. ਪੀ ਮੈਂਡਮ ਫਤਿਹਗੜ ਸਾਹਿਬ ਕੋਲ ਪਾ ਦਿੱਤੀ ਗਈ ਹੈ।
ਕੀ ਕਹਿੰਦੀ ਹੈ ਪੁਲਸ
ਇਸ ਸਬੰਧੀ ਜਾਂਚ ਅਧਿਕਾਰੀ ਏ. ਐਸ. ਪੀ ਡਾ. ਰਵਜੋਤ ਕੌਰ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਉਹ ਜਲਦ ਤੋਂ ਜਲਦ ਰਿਪੋਰਟ ਮੁਕੰਮਲ ਕਰ ਕੇ ਜ਼ਿਲਾ ਪੁਲਸ ਮੁਖੀ ਨੂੰ ਸੌਂਪ ਦੇਣਗੇ