ਫਿਰੋਜ਼ਪੁਰ 25 ਜੂਨ (ਗੁਰਿੰਦਰ ਸਿੰਘ) - ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਫ਼ਿਰੋਜ਼ਪੁਰ ਇਕਾਈ ਵੱਲੋਂ ਪੰਜਾਬ ਦੇ 18 ਡਿਪੂਆਂ ਦੇ ਨਾਲ ਨਾਲ ਫ਼ਿਰੋਜ਼ਪੁਰ ਡਿਪੂ ਦਾ ਵੀ ਮੁਕੰਮਲ ਚੱਕਾ ਜਾਮ ਕੀਤਾ ਗਿਆ। ਪੰਜਾਬ ਸਰਕਾਰ ਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਖਿਲਾਫ ਰੱਜ ਕੇ ਪਿੱਟ ਸਿਆਪਾ ਕੀਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਬੱਸਾਂ ਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਕਈ ਤਰ•ਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਨਬੱਸ ਕਰਮਚਾਰੀਆਂ ਵੱਲੋਂ ਰੋਕੀਆਂ ਬੱਸਾਂ ਕਾਰਨ ਜਿੱਥੇ ਲੋਕ ਪ੍ਰੇਸ਼ਾਨ ਹੋਏ, ਉੱਥੇ ਇਸ ਇਕ ਦਿਨ ਦੀ ਹੜਤਾਲ ਕਾਰਨ ਸਰਕਾਰ ਨੂੰ 1 ਕਰੋੜ ਦੇ ਕਰੀਬ ਦਾ ਘਾਟਾ ਪੈਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਇਸ ਮੌਕੇ ਫਿਰੋਜਪੁਰ ਡਿਪੂ ਦੇ ਹੋਈ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਟਰਾਂਸਪੋਰਟ ਮਾਫੀਏ ਨੂੰ ਖਤਮ ਕਰਨ ਦੀਆਂ ਗੱਲਾਂ ਕਹੀਆਂ ਸਨ, ਉਹੀ ਕਾਂਗਰਸ ਸਰਕਾਰ ਅੱਜ ਟਰਾਂਸਪੋਰਟ ਮਾਫੀਏ ਦੀ ਵੱਡੀ ਭਾਗੀਦਾਰ ਬਣੀ ਹੋਈ ਹੈ ਅਤੇ ਟਰਾਂਸਪੋਰਟ ਮਾਫੀਏ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਪਨਬੱਸ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਮਹਿਜ਼ 8 ਹਜ਼ਾਰ ਤੋਂ 10 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਸਰਕਾਰ ਮਾਣਯੋਗ ਸੁਪਰੀਮ ਕੋਰਟ ਦਾ ਫੈਸਲੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਤੋਂ ਭੱਜ ਰਹੀ ਹੈ। ਇਸ ਮੌਕੇ ਡਿਪੂ ਸਰਪ੍ਰਸਤ ਪ੍ਰਗਟ ਸਿੰਘ ਨੇ ਦੱਸਿਆ ਕਿ ਪਨਬੱਸ ਬੱਸਾਂ ਕਰਜ਼ਾ ਮੁਕਤ ਹੋਣ ਦੇ ਬਾਅਦ ਰੋਡਵੇਜ਼ ਵਿੱਚ ਮਰਜ਼ ਕੀਤਾ ਜਾਂਦਾ ਹੈ ਪਰ ਜਿਹਨਾਂ ਮੁਲਾਜ਼ਮਾਂ ਨੇ ਮਿਹਨਤ ਕਰਕੇ ਬੱੱਸਾਂ ਨੂੰ ਕਰਜ਼ਾ ਮੁਕਤ ਕੀਤਾ ਹੈ ਉਹਨਾਂ ਮੁਲਾਜ਼ਮਾਂ ਨੂੰ ਰੋਡਵੇਜ਼ ਵਿੱਚ ਮਰਜ਼ ਨਹੀ ਕੀਤਾ ਜਾਂਦਾ ਜੋ ਸਰਾਸਰ ਧੱਕਾ ਹੈ। ਬੱਸਾਂ ਦੇ ਨਾਲ ਮੁਲਾਜ਼ਮਾਂ ਨੂੰ ਵੀ ਮਹਿਕਮੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਘਰ ਘਰ ਨੌਕਰੀਆਂ ਦੇਣੀਆਂ ਹਨ ਪਰ ਠੇਕੇ 'ਤੇ ਭਰਤੀ ਹੋਏ ਮੁਲਾਜਮਾਂ ਨੂੰ ਨਵੀਆਂ ਕੰਡੀਸ਼ਨਾਂ ਲਗਾ ਕੇ ਮਹਿਕਮੇ ਵਿੱਚੌਂ ਕੱਢਿਆ ਜਾ ਰਿਹਾ ਹੈ ਅਤੇ ਉੱਚ ਅਧਿਕਾਰੀਆਂ ਵੱਲੋਂ ਭ੍ਰਿਸ਼ਟਾਚਾਰ ਕਰਕੇ ਨਵੀਂ ਭਰਤੀ ਕੀਤੀ ਜਾ ਰਹੀ ਹੈ। ਕੰਵਲਜੀਤ ਸਿੰਘ ਮਾਣੋਚਾਹਲ ਨੇ ਕਿਹਾ ਕਿ ਪੰਜਾਬ ਰੋਡਵੇਜ਼ ਵਾਲੇ ਸਾਰੇ ਕਾਨੂੰਨ ਪਨਬੱਸ ਮੁਲਾਜ਼ਮਾਂ 'ਤੇ ਲਾਗੂ ਕੀਤੇ ਜਾਣ, ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨੇ ਪੈਂਦੇ ਹਨ। ਉਨ•ਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਹਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਵੀ ਸ਼ਾਮਲ ਹੋਵੇਗੀ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਆਗੂਆਂ ਦਾ ਕਹਿਣਾ ਹੈ ਕਿ ਪੰਜਾਬ 'ਚ ਸਰਕਾਰ ਨੂੰ ਬਦਲੇ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਨਾ ਤਾਂ ਉਨ•ਾਂ ਦੀਆਂ ਮੰਗਾਂ ਪਿਛਲੀ ਸਰਕਾਰ ਨੇ ਪੂਰੀਆਂ ਕੀਤੀਆਂ ਹਨ ਅਤੇ ਨਾ ਹੀ ਉਨ•ਾਂ ਦੀ ਕੋਈ ਸੁਣਵਾਈ ਹੋ ਰਹੀ ਹੈ। ਉਨ•ਾਂ ਕਿਹਾ ਕਿ ਜੇਕਰ ਹਾਲੇ ਵੀ ਕੈਪਟਨ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਖਪਾਲ ਸਿੰਘ ਕੈਸ਼ੀਅਰ, ਬਲਜੀਤ ਸਿੰਘ ਬਾਬਾ, ਰਜਿੰਦਰ ਸਿੰਘ, ਹਰਜੀਤ ਸਿੰਘ, ਹਰਬੰਸ ਸਿੰਘ, ਜੱਗਾ ਸਿੰਘ, ਬਾਜ ਸਿੰਘ, ਗੌਰਵ ਮੈਣੀ ਆਦਿ ਹਾਜ਼ਰ ਸਨ।