ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਪੰਜਾਬ ਦੀਆਂ ਜੇਲ੍ਹਾਂ 'ਚ ਸੁਧਾਰਾਂ ਦੀ ਮੰਗ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਨਾਲ ਕਈ ਉੱਚ ਅਧਿਕਾਰੀ ਵੀ ਮੌਜੂਦ ਸਨ। ਜੇਲ੍ਹਾਂ ਵਿਚ ਵਧ ਰਹੇ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਤਸਕਰੀ ਨੂੰ ਦੇਖਦਿਆਂ ਇਸ ਬੈਠਕ 'ਚ ਕਈ ਅਹਿਮ ਫੈਸਲੇ ਲਏ ਗਏ ਹਨ। ਜਿੰਨ੍ਹਾਂ ਵਿਚੋਂ ਅਹਿਮ ਹੈ ਕਿ ਜੇਲ੍ਹ ਵਿਚ ਬਾਡੀ ਸਕੈਨਰਾਂ ਨੂੰ ਲਗਾਇਆ ਜਾਵੇਗਾ, ਤਾਂ ਜੋ ਹਵਾਲਾਤੀਆਂ ਨੂੰ ਮਿਲਣ ਜਾਣ ਵਾਲਿਆਂ ਜਾਂ ਫਿਰ ਹਵਾਲਾਤੀਆਂ ਦੀ ਬਾਡੀ ਸਕੈਨਿੰਗ ਹੋ ਸਕੇ ਕਿ ਬਾਹਰੋਂ ਕੋਈ ਚੀਜ਼ ਅੰਦਰ ਤਾਂ ਨਹੀਂ ਜਾ ਰਹੀ।
ਜੇਲ੍ਹ ਸਟਾਫ ਦੀ ਕਮੀ ਨੂੰ ਦੂਰ ਕਰਨ ਬਾਰੇ ਵੀ ਚਰਚਾ ਹੋਈ ਜਿਸ ਵਿਚ ਪੰਜਾਬ ਸਰਕਾਰ 420 ਨਵੇਂ ਜਵਾਨ ਭਰਤੀ ਕਰੇਗੀ। ਸੂਬੇ ਦੀਆਂ ਜੇਲ੍ਹਾਂ 'ਚ ਜਿਥੇ ਸੀ.ਆਈ.ਐਸ.ਐਫ ਦੇ ਜਵਾਨਾਂ ਵੱਲੋਂ ਨਿਗਰਾਨੀ ਰੱਖਣ ਬਾਰੇ ਵਿਚਾਰ ਹੋਈ ਉਥੇ ਹੀ ਪੇਸਕੋ ਦੀ ਥਾਂ ਜੇਲ੍ਹਾਂ ਵਿਚ ਹੁਣ ਪੀ.ਏ.ਪੀ ਦੇ ਜਵਾਨ ਤੈਨਾਤ ਹੋਇਆ ਕਰਨਗੇ। ਸੁਰੱਖਿਆ ਲਈ ਜੇਲ੍ਹਾ ਵਿਚ ਵਾਇਰਲੈੱਸ ਕੈਮਰੇ ਵੀ ਲਗਵਾਏ ਜਾਣਗੇ। ਇਸਤੋਂ ਇਲਾਵਾ ਜੇਲ੍ਹਾਂ ਵਿਚ ਵਧ ਰਹੀ ਤਸਕਰੀ ਨੂੰ ਲੈ ਕੇ ਵੀ ਬੈਠਕ ਵਿਚ ਅਹਿਮ ਚਰਚਾ ਹੋਈ। ਜ਼ਿਕਰਯੋਗ ਹੈ ਕਿ ਬੀਤੇ ਇਕ ਸਾਲ ਤੋਂ ਪੰਜਾਬ ਦੀਆਂ ਜੇਲ੍ਹਾਂ ਅੰਦਰੋਂ ਵਾਰਦਾਤ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਿਸ ਨਾਲ ਸੂਬਾ ਸਰਕਾਰ 'ਤੇ ਕਾਫੀ ਉਂਗਲਾਂ ਚੁੱਕੀਆਂ ਗਈਆਂ।