ਚੰਡੀਗੜ੍ਹ , (ਬਾਬੂਸ਼ਾਹੀ ਬਿਊਰੋ) - ਚੰਡੀਗੜ੍ਹ ਪੁਲਿਸ ਵੱਲੋਂ ਆਮ ਜਨਤਾ ਲਈ ਇਕ ਵਟਸਐਪ ਨੰਬਰ ਅਤੇ ਫੇਸਬੁੱਕ ਆਈ.ਡੀ ਮੁਹੱਈਆ ਕਰਵਾਈ ਹੋਈ ਹੈ ਜਿਸ ਵਿਚ ਕੋਈ ਵੀ ਰਾਹ ਜਾਂਦੇ ਰਾਹਗੀਰਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਉਨ੍ਹਾਂ ਦੀ ਫੋਟੋ ਖਿੱਚ ਕੇ ਉਸ ਨੰਬਰ ਜਾਂ ਫੇਸਬੁੱਕ 'ਤੇ ਪਾ ਸਕਦੇ ਹਨ। ਬਾਅਦ ਵਿਚ ਚੰਡੀਗੜ੍ਹ ਪੁਲਿਸ ਵੱਲੋਂ ਉਸ ਮਾਮਲੇ ਨੂੰ ਪੂਰੀ ਤਰ੍ਹਾਂ ਜਾਂਚ ਪਰਖ ਕੇ ਉਸ ਰਾਹਗੀਰ ਦੇ ਘਰ 'ਟ੍ਰੈਫਿਕ ਵਾਇਲੇਸ਼ਨ ਇਨਫਰਮੇਸ਼ਨ ਸਲਿੱਪ' (ਟੀ.ਵੀ.ਆਈ.ਐਸ) ਭੇਜ ਦਿੱਤੀ ਜਾਂਦੀ ਹੈ। ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਅਨੁਸਾਰ ਸਾਲ 2018 ਦੇ ਸ਼ੁਰੂ ਤੋਂ ਲੈ ਕੇ ਜੂਨ 2018 ਤੱਕ ਚੰਡੀਗੜ੍ਹ ਪੁਲਿਸ ਵੱਲੋਂ 9 ਹਜ਼ਾਰ ਦੇ ਕਰੀਬ ਚਲਾਣ ਕੀਤੇ ਗਏ। ਇਹ ਚਲਾਣ 4 ਹਜ਼ਾਰ ਲੋਕਾਂ ਦੁਆਰਾ ਭੇਜੀਆਂ ਗਈਆਂ ਫੇਸਬੁੱਕ ਅਤੇ ਵਟਸਐਪ ਰਾਹੀਂ ਤਸਵੀਰਾਂ ਦੇ ਅਧਾਰ 'ਤੇ ਕੀਤੇ ਗਏ ਹਨ।
ਚੰਡੀਗੜ੍ਹ ਪੁਲਿਸ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਤਸਵੀਰਾਂ ਅਪਲੋਡ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਚੰਡੀਗੜ੍ਹ ਵਿਚ ਟ੍ਰੈਫਿਕ ਦੇ ਨਿਯਮਾਂ ਦੀ ਕੋਈ ਉਲੰਘਣਾ ਨਾ ਕਰ ਸਕੇ। ਪੁਲਿਸ ਮੁਤਾਬਿਕ ਤਕਰੀਬਨ 21 ਲੋਕ ਰੋਜ਼ਾਨਾ 45 ਤਸਵੀਰਾਂ ਅਜਿਹੀਆਂ ਭੇਜਦੇ ਹਨ ਜਿੰਨ੍ਹਾਂ ਵਿਚ ਕੋਈ ਹੈਲਮਟ ਨਹੀਂ ਪਾਉਂਦਾ, ਕੋਈ ਗਲਤ ਪਾਰਕਿੰਗ ਕਰਦਾ ਹੈ, ਕੋਈ ਜ਼ੈਬਰਾ ਕਰਾਸਿੰਗ ਦੀ ਉਲਘਣਾ ਕਰਦਾ ਅਤੇ ਕੋਈ ਰੈੱਡ ਲਾਈਟ ਜੰਪ ਕਰ ਰਿਹਾ ਹੁੰਦਾ ਹੈ। ਇਹਨਾਂ ਤਸਵੀਰਾਂ ਦੀ ਤਸਦੀਕ ਕਰਨ ਉਪਰੰਤ ਪੁਲਿਸ ਇਨ੍ਹਾਂ ਲੋਕਾਂ 'ਤੇ ਬਣਦੀ ਕਾਰਵਾਈ ਕਰਦੀ ਹੈ।
ਰਿਪੋਰਟ ਵਿਚ ਦੱਸੇ ਰਿਕਾਰਡ ਅਨੁਸਾਰ ਕਦੀ ਕਦੀ ਪੁਲਿਸ ਦਿਹਾੜੀ 'ਚ 200 ਤੋਂ ਵੱਧ ਟੀ.ਵੀ.ਆਈ.ਐਸ ਚਲਾਣ ਕੱਟਦੀ ਹੈ। ਜ਼ਿਆਦਾਤਰ ਲੋਕ ਉਹ ਹੁੰਦੇ ਹਨ ਜੋ ਹੈਲਮੇਟ, ਰੈੱਡ ਲਾਈਟ, ਜ਼ੈਬਰਾ ਕਰਾਸਿੰਗ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ। ਪੁਲਿਸ ਵੱਲੋਂ ਕੱਟੇ ਜਾਂਦੇ ਇਹ ਚਲਾਣ ਕਾਫੀ ਨਹੀਂ ਹੁੰਦੇ ਜਿਸ ਕਾਰਨ ਹੁਣ ਪੁਲਿਸ ਵੱਲੋਂ ਇਹ ਚਲਾਣ ਅਦਾਲਤ ਵਿਚ ਭੇਜਣੇ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਪੁਲਿਸ ਵੱਲੋਂ ਇਹ ਚਲਾਣ ਆਮ ਤੌਰ 'ਤੇ ਚੰਡੀਗੜ੍ਹ ਵਾਸੀਆਂ ਨੂੰ ਹੀ ਘੱਲੇ ਜਾਂਦੇ ਸਨ ਨਾ ਕਿ ਬਾਹਰੀ ਸੂਬਿਆਂ ਦੇ ਵਸਨੀਕਾਂ ਨੂੰ।