ਮਲੇਰਕੋਟਲਾ, 25 ਜੂਨ 2018 :
ਮਲੇਰਕੋਟਲਾ ਸ਼ਹਿਰ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।ਇਹ ਪ੍ਰਗਟਾਵਾ ਐਸ.ਡੀ.ਐਮ. ਡਾ: ਪ੍ਰੀਤੀ ਯਾਦਵ, ਆਈ.ਏ.ਐਸ. ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਹਤ ਵਿਭਾਗ, ਸੰਗਰੂਰ ਦੇ ਸਹਿਯੋਗ ਨਾਲ ਸਥਾਨਕ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀਂ ਸ਼ਹਿਰ ਦੀਆਂ ਕਈ ਨਾਮੀ ਮਠਿਆਈਆਂ ਦੀਆਂ ਦੁਕਾਨਾਂ, ਫ਼ੈਕਟਰੀਆਂ, ਡੇਅਰੀਆਂ ਆਦਿ ਵਿਚ ਛਾਪੇਮਾਰੀ ਕੀਤੀ ਗਈ ਸੀ।ਚੈਕਿੰਗ ਦੌਰਾਨ ਜਿਥੇ ਉਕਤ ਥਾਵਾਂ ਤੇ ਵੱਡੀ ਗਿਣਤੀ ਵਿਚ ਬੇਨਿਯਮੀਆਂ ਪਾਈਆਂ ਗਈਆਂ ਉੱਥੇ ਹੀ ਸੈਂਪਲ ਭਰ ਕੇ ਪੜਤਾਲ ਲਈ ਲੈਬਾਰਟਰੀ ਵਿਚ ਭੇਜੇ ਗਏ ਹਨ।ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਾ: ਪ੍ਰੀਤੀ ਯਾਦਵ ਨੇ ਕਿਹਾ ਕਿ ਸਨਿਚਰਵਾਰ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਤੜਕੇ ਸਵੇਰੇ ਅਚਾਨਕ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਵੇਖਣ ਵਿਚ ਆਇਆ ਕਿ ਵੱਡੀ ਗਿਣਤੀ ਵਿਚ ਲੋਕ ਡਰ ਕਾਰਨ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ ਜਿਸ ਨਾਲ ਸ਼ਹਿਰ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।ਉਨ੍ਹਾਂ ਕਿਹਾ ਕਿ ਇਹ ਚੈਕਿੰਗ ਰੁਟੀਨ ਚੈਕਿੰਗ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ।ਉਨ੍ਹਾਂ ਕਿਹਾ ਕਿ ਜਿਹੜਾ ਦੁਕਾਨਦਾਰ ਗ਼ਲਤ ਕੰਮ ਕਰਦਾ ਹੋਵੇਗਾ, ਉਹੀ ਡਰ ਕਾਰਨ ਆਪਣੀ ਦੁਕਾਨ ਬੰਦ ਕਰ ਕੇ ਜਾਂਦਾ ਹੈ।ਜੇਕਰ ਕੋਈ ਦੁਕਾਨਦਾਰ ਨਿਯਮਾਂ ਅਨੁਸਾਰ ਆਪਣਾ ਕਾਰੋਬਾਰ ਕਰ ਰਿਹਾ ਹੈ ਤਾਂ ਉਸ ਨੂੰ ਡਰਨ ਦੀ ਕੋਈ ਲੋੜ ਨਹੀਂ।ਪ੍ਰਸ਼ਾਸਨ ਵੱਲੋਂ ਬਿਨਾਂ ਵਜ੍ਹਾ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।ਪਰ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਵੀ ਕੀਮਤ ਤੇ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਮਠਿਆਈਆਂ ਦੀਆਂ ਦੁਕਾਨਾਂ ਅਤੇ ਫਲ ਵੇਚਣ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਹਦਾਇਤ ਕੀਤੀ ਕਿ ਆਪਣੀਆਂ ਦੁਕਾਨਾਂ ਵਿਚ ਸਾਫ਼ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨ੍ਹਾਂ ਮਲੇਰਕੋਟਲਾ ਸਬ ਡਵੀਜ਼ਨ ਦੇ ਸਮੂਹ ਦੁਕਾਨਦਾਰਾਂ/ਵਪਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੁਕਾਨ/ਫ਼ੈਕਟਰੀ ਆਦਿ ਅੰਦਰ ਐਕਸਪਾਇਰੀ ਡੇਟ ਦਾ ਕੋਈ ਮਾਲ/ਸਮਾਨ ਪਿਆ ਹੈ ਤਾਂ ਉਸ ਨੂੰ ਖ਼ੁਦ ਹੀ ਖ਼ਤਮ ਕਰ ਦਿੱਤਾ ਜਾਵੇ।ਜੇਕਰ ਚੈਕਿੰਗ ਦੌਰਾਨ ਕਿਸੇ ਵੀ ਦੁਕਾਨ/ਫ਼ੈਕਟਰੀ ਆਦਿ ਤੋਂ ਐਕਸਪਾਇਰੀ ਡੇਟ ਦਾ ਕੋਈ ਸਮਾਨ ਬਰਾਮਦ ਹੁੰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਹੁੰਦੀ ਕਾਰਵਾਈ ਕੀਤੀ ਜਾਵੇਗੀ।ਡਾ: ਪ੍ਰੀਤੀ ਯਾਦਵ ਨੇ ਭਰੋਸਾ ਦਿਵਾਇਆ ਕਿ ਕਿਸੇ ਨੂੰ ਵੀ ਨਾਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਨਾਲ ਕੋਈ ਧੱਕਾ ਕੀਤਾ ਜਾਵੇਗਾ। ਉਨ੍ਹਾਂ ਅਖੀਰ ਵਿਚ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਚੈਕਿੰਗ ਦੌਰਾਨ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾਵੇ।