ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਗੁਰਦਾਸ ਮਾਨ ਅਕਸਰ ਆਪਣੇ ਗੀਤਾਂ ਤੇ ਸੁਹਿਰਦ ਬੋਲਾਂ ਕਾਰਨ ਸਮੁੱਚੀ ਦੁਨੀਆ ਵਿਚ ਪਹਿਚਾਣਿਆ ਜਾਂਦਾ ਹੈ। ਮਾਨ ਦੀਆਂ ਅਨੇਕਾਂ ਹੀ ਪੰਜਾਬ ਤੇ ਪੰਜਾਬੀਅਤ ਨੂੰ ਦਰਸਾਉਂਦੀਆਂ ਫਿਲਮਾਂ ਆਈਆਂ, ਜਿੰਨ੍ਹਾਂ ਨੂੰ ਦੁਨੀਆ ਦੇ ਕੋਨੇ ਕੋਨੇ ਵਿਚ ਵਸਦੇ ਲੋਕਾਂ ਨੇ ਅਥਾਹ ਪਿਆਰ ਅਤੇ ਮਾਣ ਦਿੱਤਾ। ਆਪਣੀ ਵਧ ਰਹੀ ਉਮਰ ਵਿਚ ਵੀ ਦਿਨੋ ਦਿਨ ਜਵਾਨ ਹੁੰਦਾ ਜਾਂਦਾ ਗੁਰਦਾਸ ਮਾਨ ਸਰੋਤਿਆਂ ਦੀ ਕਚਹਿਰੀ 'ਚ ਸੰਨ 47 ਦੇ ਦਰਦ ਦੀ ਇਕ ਕਹਾਣੀ ਨੂੰ ਫਿਲਮਾ ਕੇ ਲੋਕਾਂ ਦੇ ਸਨਮੁਖ ਰੱਖਣ ਜਾ ਰਿਹਾ ਹੈ। 'ਨਨਕਾਣਾ' ਫਿਲਮ ਰਾਹੀਂ ਗੁਰਦਾਸ ਮਾਨ ਫਿਰ ਤੋਂ ਲੰਬੇ ਸਮੇਂ ਬਾਅਦ ਪੰਜਾਬੀ ਸਿਨੇਮਾ ਵਿਚ ਵਾਪਸੀ ਕਰ ਰਿਹਾ ਹੈ।
ਇਸ ਫਿਲਮ ਨੂੰ ਸ਼ਾਹਨਸ਼ਾਹ ਪਿਕਚਰਜ਼ ਵੱਲੋਂ ਬਣਾਇਆ ਗਿਆ ਹੈ ਜਿਸਦੇ ਪ੍ਰੋਡਿਊਸਰ ਪੰਜਾਬੀ ਸੰਗੀਤ ਇੰਡਸਟਰੀ ਦੇ ਬਾਦਸ਼ਾਹ ਜਤਿੰਦਰ ਸ਼ਾਹ ਅਤੇ ਪੂਜਾ ਗੁਜਰਾਲ ਹਨ। ਇਸ ਫਿਲਮ ਦਾ ਪਿੱਠਵਰਤੀ ਸੰਗੀਤ ਵੀ ਜਤਿੰਦਰ ਸ਼ਾਹ ਨੇ ਹੀ ਕੀਤਾ ਹੈ। ਗੁਰਦਾਸ ਮਾਨ ਅਤੇ ਕਵਿਤਾ ਕੌਸ਼ਿਕ ਇਸ ਫਿਲਮ ਵਿਚ ਮੁੱਖ ਕਿਰਦਾਰਾਂ ਵਿਚ ਦਿਖਾਈ ਦੇਣਗੇ। ਇਸ ਫਿਲਮ ਨੂੰ ਦੁਨੀਆ ਭਰ ਵਿਚ ਯੂਨੀਸਿਸ ਇਨਫੋਸਾਲਿਊਸ਼ਨਜ਼ ਅਤੇ ਸੈਵਨ ਕਲਰਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। 6 ਜੁਲਾਈ ਨੂੰ ਫਿਲਮ ਵੱਡੇ ਪੈਮਾਨੇ 'ਤੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਜਾਵੇਗੀ।
ਫਿਲਮ ਦੇ ਨਾਂਅ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਅੰਦਰ ਅੱਜ ਵੀ ਪਾਕਿਸਤਾਨ ਰਹਿ ਚੁੱਕਾ ਗੁ. ਨਨਕਾਣਾ ਸਾਹਿਬ ਵਿਛੜਨ ਦਾ ਕਿੰਨਾ ਕੁ ਦਰਦ ਹੈ। ਫਿਲਮ ਦੇ ਟ੍ਰੇਲਰ ਨੂੰ ਵੇਖਦਿਆਂ ਜਿੰਨਾ ਕੁ ਅੰਦਾਜ਼ਾ ਹੁੰਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ਵਿਚ ਗੁਰਦਾਸ ਮਾਨ ਦੇ ਮੁੰਡੇ ਦੇ ਕਿਰਦਾਰ ਦਾ ਨਾਂਅ 'ਨਨਕਾਣਾ' ਹੈ ਅਤੇ ਕਹਾਣੀ ਦੋ ਪਰਿਵਾਰਾਂ ਦੇ ਵਿਛੋੜੇ ਨੂੰ ਬਿਆਨ ਕਰਦੀ ਦਿਖਾਈ ਦਿੱਤੀ। ਟ੍ਰੇਲਰ ਵਿਚ ਗੁਰਦਾਸ ਮਾਨ ਆਪਣੇ ਮੁੰਡੇ ਨਾਲੋਂ ਵਿਛੜਦਾ ਨਜ਼ਰ ਆਉਂਦਾ ਹੈ ਅਤੇ ਉਸਨੂੰ ਆਵਾਜ਼ ਲਗਾਉਂਦਾ ਨਜ਼ਰ ਆਉਂਦਾ ਹੈ ਜੋ ਰਿਸ਼ਤਿਆਂ ਦੀ ਵੰਡ ਦਰਸਾ ਕੇ ਸੰਨ 47 ਵਿਚ 'ਇੱਕ ਪੰਜਾਬ' ਦੀ ਵੰਡ ਨੂੰ ਬਾਖੂਬੀ ਬਿਆਨ ਕਰ ਰਿਹਾ ਹੈ। ਬਾਕੀ ਫਿਲਮ ਦੇਖਣ ਤੋਂ ਬਾਅਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰਦਾਸ ਮਾਨ ਨੇ ਇਸ ਫਿਲਮ ਵਿਚ ਆਪਣੀ ਅਦਾਕਾਰੀ ਨਾਲ ਕਿੰਨੀ ਕੁ ਜਾਨ ਪਿਰੋਈ ਹੈ।