ਤਸਵੀਰ - ਪੀਟੀਆਈ
ਮੁੰਬਈ (ਪੀਟੀਆਈ) - ਮੁੰਬਈ ਸ਼ਹਿਰ 'ਚ ਪਲਾਸਟਿਕ ਬੈਨ ਮੁਹਿੰਮ ਦੇ ਚਲਦਿਆਂ ਬਰੀਹਨ ਮੁੰਬਈ ਮਿਊਂਸੀਪਲ ਕਾਰਪਰੇਸ਼ਨ (ਬੀ.ਐਮ.ਸੀ) ਵੱਲੋਂ 87 ਦੇ ਕਰੀਬ ਦੁਕਾਨਾਂ ਨੂੰ ਪਲਾਸਟਿਕ ਵੇਚਣ ਕਾਰਨ ਕਰੀਬ 3.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ । ਬੀਐਮ.ਸੀ ਵੱਲੋਂ ਪਲਾਸਟਿਕ ਦੇ ਲਿਫਾਫਿਆਂ 'ਤੇ ਪਿਛਲੇ ਸ਼ਨੀਵਾਰ ਤੋਂ ਬੈਨ ਲਗਾਇਆ ਗਿਆ ਸੀ ।
ਰਿਪੋਰਟ ਅਨੁਸਾਰ ਰਿਟੇਲ ਟਰੇਡਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਰੇਨ ਸ਼ਾਹ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਰਿਟੇਲਰਾਂ ਪਾਸੋਂ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਬਹੁਤ ਭਾਰੀ ਘਾਟਾ ਹੋ ਰਿਹਾ ਹੈ। ਖਾਸ ਤੌਰ 'ਤੇ ਪਰਚੂਨ ਦੀਆਂ ਦੁਕਾਨਾਂ ਅਤੇ ਮਠਿਆਈ ਦੀਆਂ ਦੁਕਾਨਾਂ 'ਤੇ ਲਿਫਾਫਿਆਂ 'ਤੇ ਬੈਨ ਹੋਣ ਕਾਰਨ ਨੁਕਸਾਨ ਹੋ ਰਿਹਾ ਹੈ। ਕਿਉਂਕਿ ਉਨ੍ਹਾਂ ਵੱਲੋਂ ਲਿਫਾਫਿਆਂ ਵਿਚ ਕੇਵਲ ਸਮਾਨ ਪਾ ਕੇ ਵੇਚਿਆ ਹੀ ਨਹੀਂ ਜਾਂਦਾ ਸਗੋਂ ਕੁੱਝ ਚੀਜ਼ਾਂ ਨੂੰ ਸਟੋਰ ਕਰਕੇ ਵੀ ਰਖਿਆ ਜਾਂਦਾ ਹੈ। ਬੰਬੇ ਵਿਚ ਕਈ ਦੁਕਾਨਾਂ ਤਾਂ ਇੰਸਪੈਕਟਰ ਰਾਜ ਅਤੇ ਜੁਰਮਾਨੇ ਕਾਰਨ ਬੰਦ ਹੀ ਰੱਖੀਆਂ ਗਈਆਂ।
ਸ਼ਾਹ ਅਨੁਸਾਰ ਸਰਕਾਰ ਨੂੰ ਮੌਨਸੂਨ ਤਕ ਲਿਫਾਫਿਆਂ ਤੋਂ ਬੈਨ ਨੂੰ ਹਟਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਦੁੱਧ, ਦਹੀਂ, ਲੱਸੀ ਤੇਹੋਰ ਪਰਚੂਨ ਦੇ ਸਮਾਨ ਨੂੰ ਇਸ ਬੈਨ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਸੀ ਕਿ ਦੁਕਾਨਦਾਰ ਆਪਣੇ ਗ੍ਰਾਹਕ ਨੂੰ ਲਿਫਾਫੇ ਵਿਚ ਵੇਚੀ ਚੀਜ਼ ਤੋਂ ਬਾਅਦ ਉਸ ਲਿਫਾਫੇ ਨੂੰ 2 ਰੁਪਏ ਦੇ ਹਿਸਾਬ ਨਾਲ ਵਾਪਸ ਖਰੀਦ ਲਿਆ ਕਰਨਗੇ। ਪਰ ਉਨ੍ਹਾਂ ਦੇ ਇਹ ਸੁਝਾਅ ਮੰਨੇ ਨਹੀਂ ਗਏ। ਉਨ੍ਹਾਂ ਕਿਹਾ ਕਿ ''ਜੇਕਰ ਬਰਾਂਡਡ ਉਤਪਾਦਾਂ ਵਿਚ ਪਲਾਸਟਿਕ ਦੇ ਲਿਫਾਫੇ ਮਨਜੂਰ ਹਨ ਤਾਂ ਪਰਚੂਨ ਦੀਆਂ ਦੁਕਾਨਾਂ 'ਤੇ ਰੀਸਾਇਕਲੇਬਲ ਪਲਾਸਟਿਕ ਨੂੰ ਕਿਉਂ ਮਨਜੂਰੀ ਦਿੱਤੀ ਜਾਂਦੀ।''