ਚੰਡੀਗੜ੍ਹ (ਬਾਬੂਸ਼ਾਹੀ ਬਿਊਰੋ)- ਭਾਰਤ ਵਰਗੇ ਦੇਸ਼ ਵਿਚ ਜਿੱਥੇ ਕਰੀਬ 200 ਸਾਲ ਗੋਰਿਆਂ ਨੇ ਰਾਜ ਕੀਤਾ ਅਤੇ ਲੋਕਾਂ ਨੂੰ ਗੁਲਾਮ ਬਣਾਈ ਰੱਖਿਆ। ਉਸ ਗੋਰੇ ਰਾਜ ਤੋਂ ਮੁਕਤ ਹੋਣ ਲਈ ਭਾਰਤ ਨੇ ਸਮੇਂ ਸਮੇਂ ਕੁਰਬਾਨੀਆਂ ਦਿੱਤੀਆਂ ਅਤੇ ਸਭ ਤੋਂ ਅਹਿਮ ਯੋਗਦਾਨ ਪੰਜਾਬ ਦੇ ਉਹਨਾਂ ਯੋਧਿਆਂ ਅਤੇ ਸੂਰਮਿਆਂ ਦਾ ਰਿਹਾ ਜਿੰਨ੍ਹਾਂ ਨੇ ਹੱਸ ਹੱਸ ਫਾਂਸੀ ਦੇ ਰੱਸੇ ਚੁੰਮ ਲਏ ਅਤੇ ਦੇਸ਼ ਦੇ ਲੋਕਾਂ ਨੂੰ ਆਪਣੀ ਜਾਨ ਦੇ ਬਦਲੇ ਉਨ੍ਹਾਂ ਦੀ ਜ਼ਿੰਦਗੀ ਦੀ ਅਜ਼ਾਦੀ ਦਿੱਤੀ। ਸੰਨ 47 ਵਿਚ ਦੇਸ਼ ਅਜ਼ਾਦ ਤਾਂ ਹੋ ਗਿਆ ਪਰ ਲੋਕਾਂ ਦੀ ਜ਼ੁਬਾਨ ਅਤੇ ਸੋਚ ਅਜ਼ਾਦ ਨਾ ਹੋ ਸਕੀ। ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਪੰਜਾਬ ਵਿਚ ਪੰਜਾਬੀ ਨਾਲੋਂ ਜ਼ਿਆਦਾ ਅੰਗ੍ਰੇਜ਼ੀ ਨੇ ਕਬਜ਼ਾ ਕੀਤਾ ਹੋਇਐ।
ਇਸੇ ਮੁੱਦੇ ਨੂੰ ਉਠਾਉਂਦਿਆਂ ਸੂਬੇ ਦੀ ਰਾਜਧਾਨੀ 'ਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦਿਵਾਉਣ ਲਈ ਚੰਡੀਗੜ੍ਹ ਪੰਜਾਬ ਮੰਚ, ਪੰਜਾਬ ਕਲਾ ਪਰਿਸ਼ਦ, ਪੇਂਡੂ ਸੰਘਰਸ਼ ਕਮੇਟੀ, ਕੇਂਦਰੀ ਪੰਜਾਬੀ ਲੇਖਕ ਸਭਾ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਪੰਜਾਬੀ ਲੇਖਕ ਸਭਾ ਚੰਡੀਗੜ੍ਹਾਂ ਤੇ ਸਮੂਹ ਸਹਿਯੋਗੀ ਸੰਗਠਨਾਂ ਵੱਲੋਂ 1 ਜੁਲਾਈ ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ-16 ਚੰਡੀਗੜ੍ਹ ਵਿਖੇ ਸਮਾਂ ਸਵੇਰ 10.30 ਵਜੇ ਚੰਡੀਗੜ੍ਹ ਵਿਚ ਪੰਜਾਬੀ ਦੀ ਜਗ੍ਹਾ ਅੰਗ੍ਰੇਜ਼ੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਵਰਤੇ ਜਾਣ 'ਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿੰਨ੍ਹਾ ਵੱਲੋਂ ਪੰਜਾਬੀ ਨੂੰ ਪਹਿਲੀ ਭਾਸ਼ਾ ਨਾ ਬਣਾਉਣ ਦੇ ਸਵਾਲ ਉਠਾਏ ਜਾਣਗੇ।
ਇਨ੍ਹਾਂ ਸੰਗਠਨਾਂ ਵੱਲੋਂ ਮੰਗ ਉਠਾਈ ਜਾ ਰਹੀ ਹੈ ਕਿ ਭਾਰਤ ਵਿਚ 7 ਕੇਂਦਰ ਸ਼ਾਸਤ ਪ੍ਰਦੇਸ਼ (ਯੂ.ਟੀ) ਹਨ ਅਤੇ ਜਿੰਨ੍ਹਾਂ ਵਿਚੋਂ 6 ਵਿਚ ਉਥੋਂ ਦੀ ਖੇਤਰੀ ਭਾਸ਼ਾ ਹੀ ਸਰਕਾਰੀ ਭਾਸ਼ਾ ਹੈ, ਤਾਂ ਫਿਰ ਚੰਡੀਗੜ੍ਹ 'ਚ ਸਰਕਾਰੀ ਭਾਸ਼ਾ ਅੰਗ੍ਰੇਜ਼ੀ ਕਿਉਂ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ 29 ਰਾਜਾਂ 'ਚ ਕਿਸੇ ਇਕ ਰਾਜ 'ਚ ਅੰਗ੍ਰੇਜ਼ੀ ਭਾਸ਼ਾ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਨਹੀਂ ਹੈ ਅਤੇ ਭਾਰਤੀ ਸੰਵਿਧਾਨ ਵਿਚ ਦਰਜ 22 ਖੇਤਰੀ ਭਾਸ਼ਾਵਾਂ ਵਿਚ ਅੰਗ੍ਰੇਜ਼ੀ ਭਾਸ਼ਾ ਦਰਜ ਹੀ ਨਹੀਂ ਹੈ।
ਪਿਛਲੇ ਸਮੇਂ ਦੌਰਾਨ ਪੰਜਾਬੀ ਭਾਸ਼ਾ ਲਈ ਪੰਜਾਬ ਅੇਤ ਚੰਡੀਗੜ੍ਹ ਵਿਚ ਕਾਫੀ ਜੱਦੋ ਜਹਿਦ ਕੀਤੀ ਗਈ ਸੀ। ਜਿਸ ਵਿਚ ਪੰਜਾਬ ਦੇ ਆਵਾਮ ਵੱਲੋਂ ਪੰਜਾਬ 'ਚ ਲੱਗੇ ਸਾਈਨ ਬੋਰਡਾਂ ਤੋਂ ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ 'ਤੇ ਕਾਲੀ ਸਿਆਹੀ ਥੱਪ ਦਿੱਤੀ ਸੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਪੰਜਾਬ ਵਿਚ ਜਿੰਨੇ ਵੀ ਸਾਈਨ ਬੋਰਡ ਹਨ ਉਨ੍ਹਾਂ 'ਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਅਧਾਰ 'ਤੇ ਲਿਖਿਆ ਜਾਵੇ ਅਤੇ ਬਾਕੀ ਬਾਅਦ ਵਿਚ ਲਿਖੀਆਂ ਜਾਣ।