ਬੀਜਿੰਗ : ਪੂਰੀ ਦੁਨੀਆ 'ਚ ਚੀਨ ਨੂੰ ਆਪਣੇ ਵੱਖਰੇ ਕਾਰਨਾਮਿਆਂ ਅਤੇ ਤਕਨੀਕ ਦੀ ਬਦੌਲਤ ਸਭ ਤੋਂ ਵੱਖਰਾ ਦੇਸ਼ ਮੰਨਿਆ ਜਾਂਦਾ ਹੈ। ਹਾਲ ਹੀ 'ਚ ਮੀਡੀਆ 'ਚ ਆਈ ਰਿਪੋਰਟ ਅਨੁਸਾਰ ਚੀਨ ਕਰੀਬ 6 ਹਜ਼ਾਰ ਫੁੱਟ ਉੱਚੇ ਪਹਾੜ 'ਤੇ ਏਅਰਪੋਰਟ ਬਣਾਉਣ ਜਾ ਰਿਹਾ ਹੈ। ਚੀਨ 'ਚ ਪਹਾੜੀ ਇਲਾਕਿਆਂ ਦੇ ਸ਼ਹਿਰ ਬੁਸ਼ਾਨ ਵਿਚ ਇਸ ਮਹੀਨੇ ਅੰਤ ਤੱਕ ਏਅਰਪੋਰਟ ਦਾ ਕੰਮ ਮੁਕੰਮਲ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ 6 ਸਾਲਾਂ ਤੋਂ ਇਸ ਏਅਰਪੋਰਟ ਨੂੰ ਤਿਆਰ ਕੀਤਾ ਜਾ ਰਿਹਾ ਹੈ। ਚੀਨ ਦੇ ਤਾੳਹੁਆ ਪਹਾੜ ਦੇ ਸਿਖਰ 'ਤੇ ਇਕ ਰਨਵੇਅ ਵਾਲਾ ਏਅਰਪੋਰਟ ਅਗਲੇ ਸਾਲ ਜਹਾਜ਼ਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਰਨਵੇਅ 2600 ਮੀਟਰ ਲੰਬਾ ਅਤੇ 45 ਮੀਟਰ ਚੌੜਾ ਦੱਸਿਆ ਜਾ ਰਿਹਾ ਹੈ।
ਇਸ ਏਅਰਪੋਰਟ ਨੂੰ ਮਿੱਥੈ ਹੋਏ ਸਮੇਂ ਅੰਦਰ ਨਿਪਟਾਉਣ ਲਈ 2 ਹਜ਼ਾਰ ਲੋਕ ਅਤੇ 800 ਮਸ਼ੀਨਾਂ ਲਗਾਤਾਰ ਕੰਮ ਕਰ ਰਹੀਆਂ ਹਨ। ਚੀਨ ਵੱਲੋਂ ਇਸ ਜਗ੍ਹਾ 'ਤੇ ਏਅਰਪੋਰਟ ਬਣਾਉਣਾ ਇਸ ਕਰਕੇ ਚੁਣਿਆ ਗਿਆ ਹੈ ਕਿਉਂਕਿ ਇਥੋਂ 'ਗਾਡੇਸ ਪੀਕ' ਅਤੇ 'ਥ੍ਰੀ ਜਾਰਜ ਡੈਮ' ਨਜ਼ਦੀਕ ਹੀ ਹਨ। ਇਹ ਦੋਨੋਂ ਜਗ੍ਹਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਮੰਨੀਆਂ ਜਾਂਦੀਆਂ ਹਨ। ਇਸ ਏਅਰਪੋਰਟ ਦੇ ਖੁੱਲ੍ਹਣ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ ਹੋਵੇਗਾ।