ਨਸ਼ਿਆਂ ਦੇ ਵਿੱਚ ਡੁੱਬ ਕੇ ਰਹਿ ਗਏ ਸੱਤ ਪੱਤਣਾਂ ਦੇ ਤਾਰੂ
ਬੇਹੱਦ ਦਰਦਨਾਕ
ਮਾਣਯੋਗ ਮੁੱਖ ਮੰਤਰੀ ਸਾਹਿਬ
ਪੰਜਾਬ।
ਮੈਂ ਜੋ ਫ਼ਰਿਆਦ ਕਰਨ ਲੱਗਾ ਹਾਂ, ਉਹ ਮੇਰੇ ਕਿਸੇ ਜ਼ਿਆਤੀ ਸਰੋਕਾਰ ਨਾਲ਼ ਜੁੜੀ ਹੋਈ ਨਹੀਂ ਹੈ। ਨਾ ਮੈਨੂੰ ਕਿਸੇ ਨੇ ਕੁੱਟਿਆ ਹੈ, ਨਾ ਕਿਸੇ ਨੇ ਲੁੱਟਿਆ ਹੈ ਤੇ ਨਾ ਹੀ ਕਿਸੇ ਨੇ ਮੇਰੀ ਜ਼ਮੀਨ ਨੱਪੀ ਹੈ। ਜਨਾਬ ! ਤੁਸੀਂ ਸੱਤ੍ਹਾ ਤੋਂ ਬਾਹਰ ਰਹਿੰਦਿਆਂ ਚੋਣ ਪ੍ਰਚਾਰ ਦੌਰਾਨ ਤਿੰਨ ਨੁਕਤੇ ਸ਼ਿੱਦਤ ਨਾਲ਼ ਚੁੱਕੇ ਸਨ : ਕਿਸਾਨੀ, ਨਸ਼ਾ ਅਤੇ ਬੇਰੁਜ਼ਗਾਰੀ। ਕਿਸਾਨੀ ਹੱਥ ਰੱਸਾ, ਜਵਾਨੀ ਹੱਥ ਸਰਿੰਜ ਜਾਂ ਬੇਰੁਜ਼ਗਾਰ ਦਾ ਤਗਮਾ-ਇਨ੍ਹਾਂ ਸਾਰੇ ਦੁੱਖਾਂ ਨਾਲ਼ ਨਪੀੜੇ ਪੰਜਾਬੀਆਂ ਨੇ ਤੁਹਾਨੂੰ ਦਸ ਸਾਲ ਬਾਅਦ ਆਪਣੇ ਭਾਗ ਦੇ ਬਾਗ ਦਾ ਮੁੜ ਮਾਲੀ ਬਣਾਇਆ ਸੀ। ਕਿਸਾਨੀ ਅਤੇ ਰੁਜ਼ਗਾਰ ਦਾ ਸੰਕਟ ਕਿਉਂਕਿ ਕੌਮੀ ਪੱਧਰ ਦਾ ਹੈ, ਇਸ ਲਈ ਅਸੀਂ ਆਖ ਸਕਨੇ ਆਂ ਕਿ ਤੁਹਾਨੂੰ ਸਾਧਨ ਅਤੇ ਸਮਾਂ ਦੋਵੇਂ ਚਾਹੀਦੇ ਹੋਣਗੇ। ਪਰ ਪੰਜਾਬ ਦੀਆਂ ਜੜ੍ਹਾਂ 'ਚ ਆਰੀ ਬਣਕੇ ਫਿਰ ਰਹੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਕਿਸ ਇਮਦਾਦ ਜਾਂ ਚਮਤਕਾਰ ਨੂੰ ਉਡੀਕਿਆ ਜਾ ਰਿਹਾ ਹੈ..?
ਤੁਸੀਂ ਜੋ ਸ਼ੁਰੂ ਵਿਚ ਨਸ਼ੇ ਵਿਰੁੱਧ ਐਲਾਨ-ਏ-ਜੰਗ ਕੀਤਾ, ਉਹਦੇ ਵਿਚ ਤਾਂ ਤੁਹਾਡੇ ਕੁਝ 'ਸਿਪਾਹਸਿਲਾਰ' ਹੀ ਆਪਸ 'ਚ ਉਲਝਦੇ ਨਜ਼ਰ ਆਏ। ਇਸ ਨਾਲ਼ ਹੋਇਆ ਕੀ- ਕਿ ਨਾ ਸਿਰਫ ਪੁਲਸ ਦਾ ਅੰਦਰੂਨੀ ਕਲੇਸ ਬਾਹਰ ਆਇਆ ਬਲਕਿ ਸਮੱਗਲਰਾਂ ਦੇ ਉਨ੍ਹਾਂ ਹੌਂਸਲਿਆਂ ਨੂੰ ਵੀ ਕਿਤੇ ਨਾ ਕਿਤੇ ਤਾਕਤ ਮਿਲੀ, ਜਿਹੜੇ ਤੁਹਾਡੇ ਅਤੇ ਹਰਪ੍ਰੀਤ ਸਿੰਘ ਸਿੱਧੂ ਵਰਗੇ ਅਫ਼ਸਰ ਦੇ ਖ਼ੌਫ਼ ਕਰਕੇ ਇਕ ਵਾਰੀਂ ਵਕਤੀ ਤੌਰ 'ਤੇ ਪਸਤ ਹੋ ਗਏ ਸਨ। ਮੁੱਖ ਮੰਤਰੀ ਸਾਹਿਬ ! ਅੱਜ ਆਲਮ ਇਹ ਹੈ ਕਿ ਸਿਵੇ ਗਰਮ ਤੇ ਚੁੱਲ੍ਹੇ ਠੰਢੇ ਪੈ ਰਹੇ ਨੇ, ਘਰਾਂ 'ਚੋਂ ਖੁਸ਼ੀਆਂ ਨੂੰ ਦੇਸ-ਨਿਕਾਲਾ ਮਿਲ ਰਿਹੈ ਤੇ ਮਾਤਮ ਵਿਹੜਿਆਂ 'ਚ ਡਰਾਵਣਾ ਨਾਚ ਨੱਚ ਰਹੇ ਨੇ, ਸੱਧਰਾਂ ਸੱਥਰਾਂ 'ਤੇ ਸਮੇਂ ਹੱਥੋਂ ਹਾਰੀ ਜੰਗ ਦੀ ਗਮੀਂ 'ਚ ਵੈਣ ਪਾ ਰਹੀਆਂ ਨੇ।
ਮੈਂ ਤੁਹਾਨੂੰ ਕੁਝ ਘਟਨਾਵਾਂ ਦੱਸਣੀਆਂ ਚਾਹਵਾਂਗਾ ਜੋ ਬਹੁਤੀਆਂ ਪੁਰਾਣੀਆਂ ਨਹੀਂ, ਬਲਕਿ ਕੁਝ ਹਫਤਿਆਂ 'ਚ ਬੀਤੀਆਂ ਹਨ। ਮਾਣਯੋਗ ਮੁੱਖ ਮੰਤਰੀ ਸਾਹਿਬ ! ਡੇਢ ਕੁ ਮਹੀਨਾ ਪਹਿਲਾਂ ਜਲੰਧਰ ਵਿਚ ਦੋ ਸਕੇ ਭਰਾ ਕਥਿਤ ਰੂਪ ਵਿਚ ਓਵਰਡੋਜ਼ ਨਾਲ਼ ਮੁੱਕ ਗਏ। ਇਸ ਤੋਂ ਕੁਝ ਦਿਨ ਪਹਿਲਾਂ ਅਬੋਹਰ ਦੇ ਨੇੜੇ ਘੱਲੂ ਪਿੰਡ ਕੋਲੋਂ ਲੰਘਦੀ ਨਹਿਰ ਦੇ ਕਿਨਾਰਿਓਂ ਦੋ ਨੌਜਵਾਨ ਓਵਰਡੋਜ਼ ਕਰਕੇ ਮੁਰਦਾ ਚੁੱਕੇ ਗਏ। ਬੀਤੇ ਦਿਨੀਂ ਅੰਮ੍ਰਿਤਸਰ ਦੇ ਛੇਹਰਟਾ ਵਿਚ ਦੋ ਦੋਸਤ ਵੱਧ ਮਿਕਦਾਰ ਵਿਚ ਨਸ਼ਾ ਲੈਣ ਕਰਕੇ ਇਕੱਠੇ ਹੀ ਮਰ ਗਏ। ਚੰਦ ਰੋਜ਼ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪਿੰਡ 'ਚੋਂ ਪੁੱਤ ਦੀ ਲਾਸ਼ ਉੱਤੇ ਤਬਾਹੀ ਦੇ ਮਾਤਮ ਮਨਾਉਂਦੇ ਮਾਪੇ ਸੰਸਾਰ ਨੇ ਤਸੀਵਰਾਂ ਰਾਹੀਂ ਵੇਖੇ। ਬੀਤੇ ਦਿਨ ਖ਼ਬਰ ਕੋਟਕਪੂਰਾ ਤੋਂ ਆਈ ਜਿੱਥੇ ਇਕ ਜਰਵਾਣਾ ਚੋਬਰ ਹੱਥ 'ਚੋਂ ਸਰਿੰਜ ਵੀ ਨਾ ਕੱਢ ਸਕਿਆ। ਕੁਝ ਹਫਤੇ ਪਹਿਲਾਂ ਦੋ ਪੁਲਸ ਅਧਿਕਾਰੀਆਂ ਦੇ ਬੱਚੇ ਇਸ ਕਹਿਰ ਦਾ ਸ਼ਿਕਾਰ ਲੁਧਿਆਣੇ ਜ਼ਿਲ੍ਹੇ 'ਚ ਬਣ ਗਏ। ਜਨਾਬ ! ਹੋਰ ਛੱਡੋ - ਦੋ ਬੱਚੇ ਤੁਹਾਡੀ ਪਾਰਟੀ ਦੇ ਲੀਡਰਾਂ ਦੇ ਨਸ਼ੇ ਕਰਕੇ ਇਨ੍ਹਾਂ ਦਿਨਾਂ 'ਚ ਮਰ ਗਏ। ਇਕ ਘਟਨਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਦੂਜੀ ਬਠਿੰਡਾ ਜ਼ਿਲ੍ਹੇ ਅੰਦਰ ਵਾਪਰੀ। ਮੇਰੇ ਖ਼ਿਆਲ ਨਾਲ਼ ਇਸ ਤੋਂ ਵੱਧ ਤੇ ਵੱਡੀਆਂ ਉਦਾਹਰਣਾਂ ਨਹੀਂ ਦਿੱਤੀਆਂ ਜਾ ਸਕਦੀਆਂ। ਜਨਾਬ ! ਇਹ ਨਾ ਸਮਝਿਆ ਜਾਵੇ ਕਿ ਮੈਂ ਕੋਈ ਬੁਧੀਜੀਵੀ ਜਾਂ ਕਿਸੇ ਸਿਆਸੀ ਤਨਜ਼ੀਮ ਦਾ ਕਾਰਕੁੰਨ ਹਾਂ-ਮੈਂ ਤਾਂ ਖੁਦ ਆਪਣੇ ਅਠਾਰ੍ਹਾਂ ਸਾਲ ਤੇ ਸਾਰਾ ਘਰ ਇਸ ਜ਼ਹਿਰ ਦੀ ਦੁਨੀਆ ਲੇਖੇ ਲਾ ਕੇ ਮੁੜਿਆ ਹਾਂ। ਹੁਣ ਜਦੋਂ ਸਿੰਥੈਟਿਕ ਡਰੱਗ ਨਾਲ਼ ਕੋਈ ਲਾਸ਼ ਡਿੱਗਦੀ ਵੇਖਦਾਂ ਹਾਂ ਤਾਂ ਮੈਨੂੰ ਏਤਰਾਂ ਲੱਗਦਾ ਹੈ ਜਿੱਤਰਾਂ ਮੇਰਾ ਪੁੱਤ ਹੀ ਮੁਰਦਾ ਹੋ ਕੇ ਮੇਰੀ ਝੋਲੀ 'ਚ ਡਿੱਗ ਪਿਆ ਹੋਵੇ-ਤੇ ਮੈਂ ਅਤੇ ਵਿਵਸਥਾ, ਦੋਵੇਂ ਨਕਾਰੇ ਅਤੇ ਬੇਵੱਸ ਹੋਈਏ। ਅਮੀਰ ਬੱਚੇ ਨੂੰ ਬਾਹਰ ਭੇਜ ਦੇਵੇਗਾ ਸਰ ਜੀ, ਮੇਰੇ ਵਰਗਾ ਸਧਾਰਨ ਬੰਦਾ ਆਪਣੇ ਬੱਚੇ ਨੂੰ ਕਿਸ ਭੜੋਲੇ 'ਚ ਪਾ ਕੇ ਰੱਖੇ ਸਾਹਿਬ ਜੀ...?
ਅਸੀਂ ਤੁਹਾਡੀ ਗੁਟਕਾ ਹੱਥ 'ਚ ਫੜ੍ਹ ਕੇ ਚੁੱਕੀ ਸਹੁੰ 'ਤੇ ਇਤਬਾਰ ਕੀਤਾ ਮੁਖ ਮੰਤਰੀ ਸਾਹਿਬ, ਤੁਸੀਂ ਸਾਡੀ ਪੀੜ 'ਤੇ ਯਕੀਨ ਕਰੋ। ਅਸੀਂ ਉਨ੍ਹਾਂ ਅਸਿਹ ਪੀੜਾਂ ਦੇ ਮਰੀਜ਼ ਹੋਗੇ ਆਂ ਸਾਹਿਬ ਜੀ, ਜਿੰਨ੍ਹਾਂ ਦੀ ਦਵਾਈ ਹੁਣ ਤੁਹਾਡੇ ਹੱਥ ਵਿਚ ਹੈ-ਜਾਂ ਤਾਂ ਦਵਾ ਦਿਓ ਜਾਂ ਕੋਈ ਹੋਰ ਰਾਹ ਦੇ ਦਿਓ..? ਮੇਰੀ ਬੇਨਤੀ ਹੈ ਤੁਹਾਡੇ ਪੈਰਾਂ 'ਚ ਪੈ ਕੇ ਕਿ ਇਸ ਜ਼ਰਖੇਜ਼ ਦੇ ਖਿੱਤੇ ਦੇ ਭਵਿੱਖ ਨੂੰ ਬਚਾ ਲਵੋ। ਜਿੰਨ੍ਹਾਂ ਬਹਾਦਰਾਂ ਨੂੰ ਆਰੇ,ਰੰਬੀਆਂ,ਨੇਜੇ, ਨਹੀਂ ਸੀ ਮੁਕਾ ਸਕੇ ਉਨ੍ਹਾਂ ਨੂੰ ਢਾਈ ਇੰਚ ਦੀ ਸੂਈ ਢੇਰ ਕਰ ਰਹੀ ਹੈ। ਮੈਂ ਇਕ ਪੰਜਾਬੀ ਤੁਹਾਡੇ ਅੱਗੇ ਹੱਥ ਜੋੜ ਕੇ ਅਰਜ਼ ਗੁਜ਼ਾਰਦਾ ਹਾਂ ਕਿ ਤੁਰੰਤ ਇਕ ਅਸੈਂਬਲੀ ਇਜਲਾਸ ਸੱਦਿਆ ਜਾਵੇ। ਜਿਸ ਵਿਚ ਸਿੰਥੈਟਿਕ ਨਸ਼ੇ ਦੇ ਪ੍ਰਕੋਪ ਨਾਲ਼ ਲੜਨ ਵਾਸਤੇ ਚਰਚਾ ਹੋਵੇ ਅਤੇ ਇਕ ਠੋਸ ਨੀਤੀ ਦਾ ਖ਼ਾਕਾ ਉਲੀਕਕੇ ਤੁਰੰਤ ਇਸ ਕਹਿਰ ਨੂੰ ਠੱਲ੍ਹਣ ਲਈ ਅਮਲ ਤੇਜ ਹੋਵੇ। ਮੈਂ ਆਪਣੇ ਤਜ਼ਰਬੇ ਦੇ ਅਧਾਰ 'ਤੇ ਤੁਹਾਨੂੰ ਦੱਸਣਾ ਜ਼ਰੂਰ ਚਾਹਾਂਗਾ ਕਿ ਜੇ ਤੁਸੀਂ ਸਪਲਾਈ ਲਾਈਨ ਨਹੀਂ ਤੋੜ ਸਕਦੇ ਤਾਂ ਇਹਦਾ ਤੋੜ ਲੱਭਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਦਾ। ਉਦਾਹਰਣ ਦੇ ਤੌਰ 'ਤੇ ਕੋਈ ਵੀ ਅਜਿਹਾ ਬਦਲ (ਮਾਰੂ ਨਸ਼ੇ ਦਾ ਬਦਲ) ਜੋ ਇਕ ਸ਼ਹਿਰ ਵਿਚ ਇਕ ਨਿਸ਼ਚਤ ਥਾਂ 'ਤੇ ਕੋਈ ਵੀ ਰਜਿਸਟਰਡ ਨਸ਼ੇੜੀ ਸਰਕਾਰੀ ਨਿਗਰਾਨੀ ਹੇਠ ਤੈਅ ਮਾਤਰਾ 'ਚ ਲੈ ਸਕਦਾ ਹੋਵੇ। ਇਸ ਨਾਲ਼ ਨਸ਼ੇੜੀ ਮਰਨੋਂ ਹੀ ਨਹੀਂ ਬਚਣਗੇ ਬਲਕਿ ਇਕ ਮਿੱਥੇ ਕੋਰਸ ਤਹਿਤ ਨਸ਼ਾ ਮੁਕਤੀ ਵੱਲ ਵੀ ਵਧਣਗੇ। ਇਸ ਨਾਲ਼ ਇਕ ਹੋਰ ਫਰਕ ਪਵੇਗਾ ਕਿ ਸ਼ਹਿਰਾਂ ਅੰਦਰ ਜ਼ੁਰਮ ਦਰ ਘੱਟ ਜਾਵੇਗੀ। ਖ਼ਸਖ਼ਸ ਦੀ ਖੇਤੀ ਉੱਤੇ ਅਸੈਂਬਲੀ ਅਤੇ ਲੋਕ-ਸੱਥ ਵਿਚ ਵਿਆਪਕ ਚਰਚਾ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨਸ਼ੇੜੀਆਂ ਨੂੰ ਜੇਲ੍ਹਾਂ 'ਚ ਡੱਕਣ ਦੀ ਥਾਂ ਥੋਕ ਦੇ ਵਪਾਰੀਆਂ ਨੂੰ ਫਾਸਟ ਟਰੈਕ ਕੋਰਟਾਂ 'ਚ ਲਿਆ ਕੇ ਮਿਸਾਲੀ ਸਜ਼ਾਵਾਂ ਦਿਓ। ਸਮੱਗਲਰ ਉਦੋਂ ਹੀ ਨੱਪੇ ਜਾਣਗੇ ਜਦੋਂ ਪੁਲਸ ਪ੍ਰਤੀ ਜਨਤਾ ਦਾ ਵਿਸ਼ਵਾਸ ਕਾਇਮ ਹੋਵੇਗਾ-ਕਿਉਂਕਿ ਹਾਲ ਦੀ ਘੜੀ ਪੁਲਸ ਦਾ ਸੂਹੀਆ ਤੰਤਰ ਇਸ ਕਰਕੇ ਕਮਜ਼ੋਰ ਪੈ ਰਿਹਾ ਹੈ ਕਿਉਂਕਿ ਬੇ-ਯਕੀਨੀ ਕਰਕੇ ਲੋਕ ਪੁਲਸ ਨੂੰ ਸੂਚਨਾਵਾਂ ਦੇ ਕੇ ਜਾਨ ਖ਼ਤਰੇ 'ਚ ਪਾਉਣੀ ਸਮਝਦੇ ਹਨ। ਭਰੋਸਾ ਤਾਂ ਹੀ ਬੱਝੇਗਾ ਜੇਕਰ ਪੁਲਸ-ਕਾਰਜਪ੍ਰਣਾਲੀ ਸੁਚੱਜੀ ਅਤੇ ਸਿਆਸੀ ਦਬਾਅ ਰਹਿਤ ਹੋਵੇਗੀ। ਪੰਜਾਬ ਦੀਆਂ ਰਗਾਂ 'ਚ ਰਚਿਆ ਜ਼ਹਿਰ ਹੁਣ ਫੂਕਾਂ ਨਾਲ਼ ਨਹੀਂ ਨਿਕਲੇਗਾ ਸਾਹਿਬ ਜੀ- ਇਹਦੇ ਲਈ ਤੁਹਾਨੂੰ ਸਖ਼ਤਾਈ ਦੇ ਨਾਲ਼-ਨਾਲ਼ ਸਮਾਜੀ ਗੁੰਝਲਾਂ ਨੂੰ ਵੀ ਖੋਲ੍ਹਣਾ ਪਵੇਗਾ। ਇਹਦੇ ਲਈ ਇਕ ਅਧਿਐਨ ਬੜਾ ਲਾਜ਼ਮੀਂ ਹੈ। ਹੋਰ ਵੀ ਮੈਂ ਬਹੁਤ ਕੁਝ ਸੁਝਾਅ ਸਕਦਾ ਹਾਂ-ਕਿਉਂਕਿ ਮੈਂ ਇਸ ਕਾਲੇ ਜਹਾਨ ਦੇ ਹਰ ਖ਼ੂਹ ਤੋਂ ਵਾਕਫ਼ ਆਂ। ਕਿਉਂਕਿ ਆਪ ਜੀ ਕਿਉਂਕਿ ਕਰੋੜਾਂ ਲੋਕਾਂ ਦੇ ਨੁਮਾਇੰਦੇ ਹੋ, ਇਸ ਲਈ ਮੈਂ ਉਨ੍ਹਾਂ ਲੋਕਾਂ ਦੇ ਹੋਰ ਸਮਾਂ ਜਾਇਆ ਨਹੀਂ ਕਰਨਾ ਚਾਹੁੰਦਾ। ਪਰ ਏਨੀ ਜ਼ਰੂਰ ਬੇਨਤੀ ਕਰੂੰਗਾ ਕਿ ਜੇਕਰ ਜਨਾਬ ਕਿਸੇ ਵੀ ਤਰੀਕੇ ਦਾ ਸਹਿਯੋਗ ਮੇਰੇ ਜਾਂ ਮੇਰੇ ਵਰਗੇ ਹੋਰ ਨੌਜਵਾਨਾਂ ਤੋਂ ਗੌਰਮਿੰਟ ਚਾਹੁੰਦੀ ਹੋਵੇ ਤਾਂ ਸ਼ਾਇਦ ਇਕ ਭਰੋਸੇ ਤੋਂ ਬਾਅਦ ਮੈਂ ਹੀ ਨਹੀਂ ਕਈ ਹੋਰ ਵੀ ਨੌਜਵਾਨ ਇਸ ਕੰਮ ਨੂੰ ਤਿਆਰ ਹੋ ਜਾਣਗੇ। ਪਰ ਸਭ ਤੋਂ ਪਹਿਲਾਂ ਇਹੋ ਹੀ ਫ਼ਰਿਆਦ ਮਨਜ਼ੂਰ ਕਰੋ ਕਿ ਵਿਹੜਿਆਂ 'ਚ ਵਿਛਦੇ ਸੱਥਰ ਰੋਕੋ। ਮੈਨੂੰ ਉਮੀਦ ਹੈ ਕਿ ਇਸ ਮੁੱਦੇ 'ਤੇ ਮੈਨੂੰ ਜੁਆਬ ਹੀ ਨਹੀਂ, ਜਨਾਬ ਦਾ ਉਹ 'ਐਕਸ਼ਨ' ਵੀ ਵੇਖਣ ਨੂੰ ਮਿਲੇਗਾ, ਜੀਹਦੇ ਲਈ ਆਪ ਦੀ ਰਾਜਨੀਤੀ ਵਿਚ ਪਛਾਣ ਹੈ। ਜੇਕਰ ਅਜਿਹਾ ਨਹੀਂ ਹੋ ਪਾਉਂਦਾ ਤਾਂ ਇਹ ਵਾਅਦਾ-ਖ਼ਿਲਾਫ਼ੀ ਜਾਂ ਹਕੂਮਤੀ-ਨਾਕਾਮੀ ਹੀ ਨਹੀਂ ਹੈ-ਬਲਕਿ ਇਹ ਰਾਜਨੀਤੀ ਤੋਂ ਲੋਕਾਂ ਦੇ ਬਚੇ-ਖੁਚੇ ਯਕੀਨ ਨੂੰ ਵੀ ਸੱਟ ਹੋਵੇਗੀ।
ਬੇਨਤੀ ਕਰਤਾ:
ਮਿੰਟੂ ਗੁਰੂਸਰੀਆ