ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਆਪਣੀ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਦਿਆਂ ਗਾਇਕ ਗਿੱਪੀ ਗਰੇਵਾਲ ਅਤੇ ਹੋਰ ਕਈ ਵਾਰਦਾਤਾਂ ਪਿੱਛੇ ਕਾਰਨਾਂ ਨੂੰ ਸਪਸ਼ਟ ਕੀਤਾ ਹੈ। ਗੈਂਗਸਟਰ ਨੇ ਆਪਣਾ ਪੱਖ ਰਖਦਿਆਂ ਕਿਹਾ ਕਿ ਉਸ ਵੱਲੋਂ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਕੋਈ ਵੀ ਧਮਕੀ ਨਹੀਂ ਦਿੱਤੀ ਗਈ ਸੀ, ਸਗੋਂ ਉਸ ਵੱਲੋਂ ਗਿੱਪੀ ਗਰੇਵਾਲ ਦੇ ਮੈਨੇਜਰ ਨਾਲ ਗੱਲ ਹੋਈ ਸੀ ਤੇ ਉਸਨੂੰ ਸਿਰਫ ਇਹੀ ਕਹਿਣਾ ਚਾਹੁੰਦੇ ਸੀ ਕਿ ਗੈਂਗਸਟਰਾਂ ਅਤੇ ਅਸ਼ਲੇ ਵਾਲੇ ਗੀਤ ਗਾ ਕੇ ਪੰਜਾਬ ਦੀ ਜਵਾਨੀ ਨੂੰ ਗਲਤ ਰਸਤੇ ਨਾ ਲੈ ਕੇ ਜਾਵੇ। ਇਸੇ ਤਰ੍ਹਾਂ ਦਿਲਪ੍ਰੀਤ ਢਾਹਾਂ ਵੱਲੋਂ ਹੋਰ ਵੀ ਖੁਲਾਸੇ ਕੀਤੇ ਗਏ। ਗੈਂਗਸਟਰ ਦਿਲਪ੍ਰੀਤ ਵੱਲੋਂ ਇਸੇ ਸਾਲ ਪੰਜਾਬੀ ਡਾਇਰੈਕਟਰ/ਅਦਾਕਾਰ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਬਾਅਦ ਵਿਚ ਪੇਸਬੁੱਕ ਰਾਹੀਂ ਉਸਦੀ ਜ਼ਿੰਮੇਵਾਰੀ ਵੀ ਲਈ ਸੀ। ਫਿਲਹਾਲ ਦਿਲਪ੍ਰੀਤ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹੈ।