ਫੋਟੋ ਕਰੈਡਿਟ, ਗੈਟੀ ਇਮੇਜਸ
ਵਾਸ਼ਿੰਗਟਨ : ਬੀਤੇ ਦਿਨੀਂ 'ਟਾਈਮ ਮੈਗਜ਼ੀਨ' ਵੱਲੋਂ ਗੈਟੀ ਇਮੇਜਸ ਦੇ ਫੋਟੋ ਪੱਤਰਕਾਰ ਜੌਨ ਮੂਰੇ ਦੇ ਕੈਮਰੇ 'ਚ ਕੈਦ ਕੀਤੀ ਇਕ ਸਿਸਕਦੀ ਬੱਚੀ ਦੀ ਫੋਟੋ ਨੂੰ ਆਪਣੇ ਕਵਰ ਪੇਜ 'ਤੇ ਲਗਾਇਆ ਸੀ। ਮੈਗਜ਼ੀਨ ਨੇ ਇਸ ਰੋਂਦੀ ਬੱਚੀ ਨੂੰ ਟਰੰਪ ਅੱਗੇ ਖੜ੍ਹਾ ਕੀਤਾ ਸੀ ਤੇ ਟਰੰਪ ਉਸ ਬੱਚੀ ਵੱਲ ਵੇਖ ਰਿਹਾ ਸੀ, ਨਾਲ ਹੀ ਪੇਜ਼ 'ਤੇ ਲਿਖਿਆ ਗਿਆ 'ਵੈਲਕਮ ਟੂ ਅਮਰੀਕਾ'' । ਇਸ ਤਸਵੀਰ ਨੂੰ ਲੈ ਕੇ ਦੁਨੀਆ ਭਰ 'ਚ ਵਸਦੇ ਲੋਕਾਂ ਨੈ ਟਰੰਪ ਖਿਲਾਫ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ ਸੀ ਕਿ ਟਰੰਪ ਦੀਆਂ ਪਰਿਵਾਰ ਵੰਡ ਨੀਤੀਆਂ ਲੋਕਾਂ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀਆਂ ਹਨ। ਖ਼ਬਰਾਂ ਇਹ ਵੀ ਆਈਆਂ ਕਿ ਇਹ ਬੱਚੀ ਆਪਣੀ ਮਾਂ ਦੀ ਭਾਲ 'ਚ ਖੜ੍ਹੀ ਰੋ ਰਹੀ ਸੀ ਅਤੇ ਫੋਟੋਗ੍ਰਾਫਰ ਵੱਲੋਂ ਫੋਟੋ ਖਿੱਚ ਲਈ ਗਈ। ਪਰ ਇਸ ਗੱਲ ਦੀ ਅਸਲ ਸਚਾਈ ਖੁਦ ਫੋਟੋ ਪੱਤਰਕਾਰ ਜੌਨ ਮੂਰੇ ਨੇ ਬੀ.ਬੀ.ਸੀ. ਨਾਲ ਹੋਈ ਗੱਲਬਾਤ 'ਚ ਇਹ ਸਪੱਸ਼ਟ ਕੀਤਾ ਕਿ ਉਹ ਬੱਚੀ ਆਪਣੀ ਮਾਂ ਕੋਲ ਹੀ ਮੌਜੂਦ ਸੀ।
ਬੱਚੀ ਦੇ ਪਿਤਾ ਨੇ ਨਿਊਜ਼ ਏਜੰਸੀਆਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਬੱਚੀ ਅਮਰੀਕੀ ਬਾਰਡਰ 'ਤੇ ਅਲੱਗ ਹੋ ਰਹੇ ਪਰਿਵਾਰਾਂ ਦਾ ਇਕ ਚਿੰਨ੍ਹ ਬਣ ਗਈ ਹੈ। ਸ਼ਾਇਦ ਉਸਨੇ ਅਮਰੀਕੀ ਰਾਸ਼ਟਰਪਤੀ ਦਾ ਦਿਲ ਵੀ ਪਸੀਜ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਉਸਦੀ ਬੱਚੀ ਅਤੇ ਉਸਦੀ ਪਤਨੀ ਨੂੰ ਇਕੱਠਿਆਂ ਨੂੰ ਡਿਟੇਨ ਕੀਤਾ ਗਿਆ ਸੀ। ਉਸੇ ਦੌਰਾਨ ਬਾਰਡਰ 'ਤੇ ਗਸ਼ਤ ਕਰ ਰਹੇ ਅਧਿਕਾਰੀ ਨੇ ਜਦੋਂ ਉਸਦੀ ਧੀ ਅਤੇ ਘਰਵਾਲੀ ਨੂੰ ਚੈਕਿੰਗ ਲਈ ਰੋਕੀਆ ਤਾਂ ਜਾਹਿਰ ਜਿਹੀ ਗੱਲ ਹੈ ਕਿ ਮਾਂ ਨੇ ਆਪਣੀ ਬੱਚੀ ਨੂੰ ਗੋਦੀ 'ਚੋਂ ਉਤਾਰ ਦਿੱਤਾ ਸੀ। ਜਿਸ ਕਾਰਨ ਬੱਚੀ ਰੋਣ ਲੱਗ ਪਈ ਅਤੇ ਆਪਣੀ ਮਾਂ ਦੇ ਚਿਹਰੇ ਵੱਲ ਉੱਪਰ ਨੂੰ ਵੇਖਣ ਲੱਗ ਪਈ ਸੀ। ਉਸਦੀ ਮਾਂ ਨੇ ਦੱਸਿਆ ਸੀ ਕ ਉਸਦੀ ਬੱਚੀ ਭੁੱਖੀ ਅਤੇ ਪਿਆਸੀ ਹੈ। ਡੇਲੀ ਮੇਲ ਅਖ਼ਬਾਰ ਅਨੁਸਾਰ ਬੱਚੀ 2 ਸਾਲ ਦੀ ਹੈ।
'ਟਾਈਮ ਮੈਗਜ਼ੀਨ' ਦੇ ਐਡੀਟਰ ਨੇ ਖੁਦ ਮੰਨਿਆ ਕਿ ਉਨ੍ਹਾ ਵੱਲੋਂ ਬੱਚੀ ਨੂੰ ਮਾਂ ਨਾਲੋਂ ਵੱਖ ਕਰਨ ਦੀ ਖ਼ਬਰ ਨੂੰ ਸਹੀ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਲਿਖਿਆ ਗਿਆ ਕਿ ਮਾਂ ਅਤੇ ਬੱਚੀ ਦੋਨਾਂ ਇਕੱਠਿਆਂ ਨੂੰ ਲਿਜਾਈਆ ਗਿਆ। ਹੋਮਲੈਂਡ ਸਕਿਉਰਿਟੀ ਅਧਿਕਾਰੀ ਅਨੁਸਾਰ ਕਿ ਮਈ ਮਹੀਨੇ ਤੋਂ ਕਰੀਬ 500 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾ ਚੁੱਕਾ ਹੈ।