ਚੰਡੀਗੜ੍ਹ, (ਗੁਰਭਜਨ ਗਿੱਲ) - ਭਾਰਤੀ ਸੈਨਾ ਦੇ ਅਧਿਕਾਰੀ ਕਰਨਲ ਪ੍ਰਤਾਪ ਸਿੰਘ ਗਿੱਲ ਦੇ ਦੋ ਪੁੱਤਰਾਂ ਦੀ ਮੈਨੂੰ ਚੰਗੀ ਸੋਅ ਹੈ। ਵੱਡਾ ਵੀਰ ਮਨੋਹਰ ਸਿੰਘ ਤੇ ਨਿੱਕਾ ਹਿੰਮਤ ਸਿੰਘ। ਗਿੱਲ ਕਹਿਣ ਦੀ ਲੋੜ ਨਹੀਂ, ਸਪਸ਼ਟ ਹੈ। ਤਰਨਤਾਰਨ ਦੇ ਪਿੰਡ ਅਲਾਦੀਨਪੁਰ ਦੇ ਮੂਲ ਵਾਸੀ ਦੋਵੇਂ ਵੀਰ ਹੋਸਟਲਾਂ ਚ ਪੜ੍ਹੇ। ਮਨੋਹਰ ਸਿੰਘ ਨੇ 1957 ਚ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਅੰਗਰੇਜ਼ੀ ਤੀ ਐੱਮ ਏ ਕੀਤੀ ਤੇ 1958 ਚ ਪਹਿਲੇ ਹੱਲੇ ਆਈ ਏ ਐੱਸ ਬਣ ਗਿਆ। ਨਿੱਕਾ ਹਿੰਮਤ ਸਿੰਘ ਭਾਰਤੀ ਸੈਨਾ ਚੋਂ ਮੇਜਰ ਜਨਰਲ ਸੇਵਾਮੁਕਤ ਹੋਇਆ। ਗੱਲ ਕਰੀਏ ਸ: ਮਨੋਹਰ ਸਿੰਘ ਦੀ, ਜੋ ਹੁਣ ਡਾ: ਮਨੋਹਰ ਸਿੰਘ ਗਿੱਲ ਹੈ। ਸਾਬਕਾ ਕੇਂਦਰੀ ਮੰਤਰੀ, ਸਾਬਕਾ ਮੁੱਖ ਚੋਣ ਕਮਿਸ਼ਨਰ, ਸਾਬਕਾ ਵਿਕਾਸ ਕਮਿਸ਼ਨਰ ਪੰਜਾਬ ਸ: ਪ੍ਰਤਾਪ ਸਿੰਘ ਕੈਰੋਂ ਤੇ ਡਾ: ਮ ਸ ਰੰਧਾਵਾ ਦਾ ਜੇਕਰ ਕਿਸੇ ਵਿਗਿਆਨਕ ਵਿਧੀ ਨਾਲ ਸੁਮੇਲ ਕੀਤਾ ਜਾ ਸਕੇ ਤਾ: ਡਾ: ਮਨੋਹਰ ਸਿੰਘ ਗਿੱਲ ਬਣਦੈ। ਪੰਜਾਬ ਚ ਪਹਿਲੀ ਖੰਡ ਮਿੱਲ ਬਟਾਲਾ ਲੱਗਣ ਵੇਲੇ ਮੁੱਖ ਸੂਤਰਧਾਰ। 1964 ਚ ਉਦੋਂ ਹੀ ਉਹ ਸ਼ਿਵ ਕੁਮਾਰ ਨੂੰ ਮਿਲਿਆ। ਜਲੰਧਰ ਤੋਂ ਲਾਹੌਲ ਸਪਿਤੀ ਤੀਕ ਡਿਪਟੀ ਕਮਿਸ਼ਨਰ ਰਿਹਾ। 1978 ਚ ਸ: ਪਰਕਾਸ਼ ਸਿੰਘ ਬਾਦਲ ਦਾ ਪ੍ਰਿੰਸੀਪਲ ਸੈਕਟਰੀ ਬਣ ਕੇ ਪੰਜਾਬ ਆ ਗਿਆ ਦਿੱਲੀਓ। ਡਾ: ਰੰਧਾਵਾ ਦੇ ਕਹਿਣ ਤੇ ਕਲਾ ਭਵਨ ਚੰਡੀਗੜ੍ਹ ਦੀ ਉਸਾਰੀ ਕਰਵਾਈ। ਪੰਜਾਬੀ ਬਚਪਨ ਚ ਹੀ ਕਿਤੇ ਚਾਰ ਅੱਖਰ ਪੰਜਾਬੀ ਪੜ੍ਹੀ ਹੋਵੇਗੀ ਪਰ ਸ਼ਬਦ ਸਾਂਝ ਪੱਕੀ ਪਕੇਰੀ ਹੈ।
ਪਿਛਲੀ ਉਮਰੇ ਜਾ ਕੇ ਤਾਂ ਇਹ ਇਸ਼ਕ ਦੀ ਹੱਦ ਤੀਕ ਪੁੱਜ ਗਈ ਹੈ। ਸ਼ਿਵ ਕੁਮਾਰ, ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਲੁਧਿਆਣਵੀ ਲਈ ਭਾਵੇਂ ਜਾਨ ਵੀ ਮੰਗ ਲਉ, ਭਾਊ ਹਾਜ਼ਰ ਕਰੇਗਾ। ਉਸ ਨੇ ਸ਼ਿਵ ਕੁਮਾਰ ਦੇ ਸਹੁਰੇ ਪਿੰਡ ਕਿੜੀ ਮੰਗਿਆਲ(ਪਠਾਨਕੋਟ) ਚ ਸਿਵਿਆਂ ਚ ਸ਼ੈੱਡ ਪੁਆਏ ਹਨ, ਬੱਸ ਉਡੀਕ ਘਰ ਬਣਵਾਇਆ ਹੈ। ਭਲਾ ਕਿਉਂ? ਸ਼ਿਵ ਕੁਮਾਰ ਦਾ ਏਥੇ ਅੰਤਿਮ ਸੰਸਕਾਰ ਹੋਇਆ ਸੀ। ਸ਼ਿਵ ਨੇ ਪਾਖਰਪੁਰਾ(ਗੁਰਦਾਸਪੁਰ-ਅੰਮ੍ਰਿਤਸਰ ਸੜਕ ਤੇ) ਚ ਛੇ ਮਹੀਨੇ ਪੜ੍ਹਾਇਆ, ਇਥੇ ਵੀ ਕਮਰਾ ਸ਼ਿਵ ਦੇ ਨਾਮ ਤੇ ਬੋਲਦਾ ਹੈ। ਸਾਹਿਰ ਲੁਧਿਆਣਵੀ ਦੇ ਨਾਮ ਤੇ ਲਾਇਬਰੇਰੀ ਉਸਾਰਨ ਲਈ ਪੰਜਾਬੀ ਸਾਹਿੱਤ ਅਕਾਡਮੀ ਨੂੰ 25 ਲੱਖ ਰੁਪਏ ਦਿੱਤੇ। ਗੌਰਮਿੰਟ ਕਾਲਿਜ ਲੁਧਿਆਣਾ ਨੂੰ ਸਾਹਿਰ ਦੇ ਨਾਮ ਤੇ ਰਜਾ ਦਿੱਤਾ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਚ 50 ਲੱਖ ਰੁਪਏ ਭੇਜ ਕੇ ਅੰਮ੍ਰਿਤਾ ਪ੍ਰੀਤਮ ਦੀ ਯਾਦ ਵਿੱਚ ਹੋਸਟਲ ਬਣਵਾਇਆ। ਉਸ ਦਾ ਵੱਸ ਚੱਲੇ ਤਾਂ ਹਰ ਪਿੰਡ ਲਾਇਬਰੇਰੀ ਖੋਲ੍ਹ ਦੇਵੇ। 1964-65 ਚ ਉਨ੍ਹਾਂ ਪਿੰਡ ਪੜਚਾਇਤ ਲਾਇਬਰੇਰੀਆਂ ਸ਼ੁਰੂ ਕੀਤੀਆਂ ਸਨ।
ਮੇਰੇ ਵਰਗੇ ਕਈ ਉਨ੍ਹਾਂ ਲਾਇਬਰੇਰੀਆਂ ਦੀ ਪੈਦਾਵਾਰ ਹਨ। ਮੈਨੂੰ ਏਨੀਆਂ ਗੱਲਾਂ ਦਾ ਪਤਾ ਨਹੀਂ ਸੀ ਲੱਗਣਾ ਜੇ ਸ਼ਿਵ ਕੁਮਾਰ ਬਾਰੇ ਮੇਰਾ ਇੱਕ ਲੇਖ ਖੇਤੀ ਐਡਵਾਈਜ਼ਰ ਮੈਗਜ਼ੀਨ ਚੋਂ ਪੜ੍ਹ ਕੇ ਫੋਨ ਨਾ ਕਰਦੇ। ਉਹ ਕਿੰਨਾ ਹੀ ਚਿਰ ਮੇਰੇ ਨਾਲ ਗੱਲਾਂ ਕਰਦੇ ਰਹੇ ਕਿ ਲੇਖ ਵਾਲਾ ਗੁਰਭਜਨ ਗਿੱਲ ਹੋਰ ਹੈ ਤੇ ਜਿਸਨੂੰ ਮਾਰਚ ਮਹੀਨੇ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਫੈਲੋਸ਼ਿਪ ਦੇ ਕੇ ਗਿਆਂ, ਉਹ ਹੋਰ ਹੈ। ਮੈਂ ਦੱਸਿਆ ਕਿ ਮੈਂ ਇੱਕੋ ਹੀ ਹਾਂ। ਸ: ਮਨੋਹਰ ਸਿੰਘ ਹੁਣ ਪੂਰੀ ਤਰ੍ਹਾਂ ਆਜ਼ਾਦ ਹਨ, ਦੁਨਿਆਵੀ ਝਮੇਲਿਆਂ ਤੋਂ ਪਰ ਚੌਵੀ ਘੰਟੇ ਤਾਰ ਪੰਜਾਬ ਦੀ ਹੀ ਖੜਕਦੀ ਹੈ। ਸੌਣ ਨਹੀਂ ਦਿੰਦੀ। ਪਰ ਹੁਣ ਜਾਗਣ ਤੇ ਜਗਾਉਣ ਵਾਲੇ ਰਹਿ ਵੀ ਕਿੰਨੇ ਕੁ ਗਏ ਹਨ।