ਲੁਧਿਆਣਾ - ਪੰਜਾਬ ਸਰਕਾਰ ਵੱਲੋਂ ਨਸ਼ੀਆ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਵੱਲੋਂ ਡਾਬਾ, ਲੁਧਿਆਣਾ ਨਾਕਾਬੰਦੀ ਦੌਰਾਨ ਬੋਲੈਰੋ ਕਾਰ 'ਚ 24 ਸਾਲਾ ਪਵਨ ਕੁਮਾਰ ਵਾਸੀ ਲੁਧਿਆਣਾ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਉਕਤ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਨੌਜਵਾਨ ਦੀ ਬੋਲੈਰੋ ਕਾਰ 'ਚੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ। ਦੋਸ਼ੀ ਦੇ ਘਰ ਦੀ ਤਲਾਸ਼ੀ ਲੈਣ 'ਤੇ ਕਰੀਬ ਪੌਣੇ ਦੋ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਦੋਸ਼ੀ ਖਿਲਾਫ ਥਾਣਾ ਡਾਬਾ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਪੁਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਇਹ ਡਰੱਗ ਮਨੀ ਉਸ ਵੱਲੋਂ ਹੈਰੋਇਨ ਵੇਚ ਕੇ ਇਕੱਠੀ ਕੀਤੀ ਗਈ ਸੀ। ਦੋਸ਼ੀ ਪਵਨ ਅਨੁਸਾਰ ਉਹ ਕੋਈ ਕੰਮ ਕਾਰ ਨਹੀਂ ਕਰਦਾ ਅਤੇ ਵਿਹਲਾ ਰਹਿੰਦਾ ਹੈ। ਉਸ ਵੱਲੋਂ ਕਰੀਬ 2 ਸਾਲਾਂ ਤੋਂ ਇਹ ਧੰਦਾ ਕੀਤਾ ਜਾ ਰਿਹਾ ਸੀ। ਉਹ ਲੁਧਿਆਣਾ ਦੇ ਨੇੜਲੇ ਪਿੰਡਾਂ ਵਿਚ ਦਿੱਲੀ ਤੋਂ ਇਕ ਨਾਈਜੀਰੀਨ ਤੋਂ ਹੈਰੋਇਨ ਖਰੀਦ ਕੇ ਵੇਚਦਾ ਹੁੰਦਾ ਸੀ। ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਪੁੱਛਗਿਛ ਕੀਤੀ ਜਾਵੇਗੀ।