ਪਟਿਆਲਾ 22 ਜੂਨ 2018, ਪੰਜਾਬ ਵਿੱਚ ਝੋਨੇ ਦੇ ਲਈ ਖੇਤੀਬਾੜੀ ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਸ਼ੁਰੂ ਹੋਣ ਨਾਲ ਪੰਜਾਬ ਵਿੱਚ ਪਿਛਲੇ ਸਾਲ 2017 ਦੇ ਮੁਕਾਬਲੇ 33% ਬਿਜਲੀ ਦੀ ਮੰਗ ਵਿੱਚ ਇਕਦਮ ਵਾਧਾ ਹੋ ਗਿਆ ਹੈ, ਇਹ ਜਾਣਕਾਰੀ ਇੰਜ: ਬਲਦੇਵ ਸਿੰਘ ਸਰਾਂ, ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ ਨੇ ਇੱਕ ਪ੍ਰੇੈਸ ਨੋਟ ਵਿੱਚ ਦਿੱਤੀ।
ਉਹਨਾਂ ਦੱਸਿਆ ਕਿ 21 ਜੂਨ 2018 ਨੂੰ ਪੀ.ਐਸ.ਪੀ.ਸੀ.ਐਲ ਨੇ 2398.08 ਲੱਖ ਯੂਨਿਟ ਬਿਜਲੀ ਦੀ ਮੰਗ ਦੀ ਪੂਰਤੀ ਕੀਤੀ ਜਦੋਂ ਕਿ ਪਿਛਲੇ ਸਾਲ 21 ਜੂਨ 2017 ਨੂੰ ਇਹ ਮੰਗ 1804.73 ਲੱਖ ਯੂਨਿਟ ਸੀ। ਇੰਜ: ਸਰਾਂ ਨੇ ਦੱਸਿਆ ਕਿ 21 ਜੂਨ 2018 ਨੂੰ ਸਿਖਰ ਡੀਮਾਂਡ 10832 ਮੈਗਾਵਾਟ ਰਹੀ, ਜਿਹੜੀ ਕਿ 21.06.2017 ਨੂੰ 8819 ਮੈਗਾਵਾਟ ਸੀ।
ਪੰਜਾਬ ਦੇ ਹਾਈਡਲ ਪ੍ਰਾਜੈਕਟਾਂ ਵਿੱਚ ਪਾਣੀ ਦੀ ਆਮਦ ਅਤੇ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਹਾਈਡਲ ਜਨਰੇਸ਼ਨ ਦਾ ਉਤਪਾਦਨ ਘੱਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 21.06.2017 ਨੂੰ ਹਾਈਡਲ ਪ੍ਰੋਜੈਕਟਸ ਦਾ ਉਤਪਾਦਨ 181.89 ਲੱਖ ਯੂਨਿਟ ਸੀ, ਜਦੋਂ ਕਿ 21.06.2018 ਨੂੰ 128.65 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੋਇਆ। ਇਸੇ ਤਰਾਂ ਬੀ.ਬੀ.ਐਮ.ਬੀ ਤੋਂ 21.06.2017 ਨੂੰ 156.30 ਲੱਖ ਯੂਨਿਟ ਉ਼ਤਪਾਦਨ ਪ੍ਰਾਪਤ ਹੋਇਆ ਸੀ ਜਿਹੜਾ ਕਿ 21.06.2018 ਨੂੰ 141.81 ਲੱਖ ਯੂਨਿਟ ਪ੍ਰਾਪਤ ਹੋਇਆ।ਉਨ੍ਹਾਂ ਦੱਸਿਆ ਕਿ ਗੌਇੰਦਵਾਲ ਥਰਮਲ ਪਲਾਂਟ ਪੰਜਾਬ ਨੂੰ ਕੋਈ ਬਿਜਲੀ ਨਹੀਂ ਦੇ ਰਿਹਾ ਜਿਸ ਤੋਂ 491 ਮੈਗਾਵਾਟ ਬਿਜਲੀ ਮਿਲਣ ਦੀ ਆਸ ਸੀ।
ਇੰਜ: ਸਰਾਂ ਨੇ ਦੱਸਿਆ ਕਿ ਤਕਨੀਕੀ ਨੁਕਸਾਂ ਕਰਕੇ ਪੀ.ਐਸ.ਪੀ.ਸੀ.ਐਲ. ਵੱਲੋਂ ਕੀਤੇ ਲੰਮੇ ਅਰਸੇ ਦੇ ਸਮਝੋਤਿਆਂ ਅਧੀਨ ਕੇਂਦਰੀ ਸੈਕਟਰ ਦੇ ਚਾਰ ਪਲਾਂਟਾਂ ਜਿਨ੍ਹਾਂ ਵਿੱਚ ਦਾਮੌਦਰ ਵੈਲੀ ਕਾਰਪੋਰੇਸ਼ਨ ਤੋਂ 184 ਮੈਗਾਵਾਟ, ਰਿਹਾਂਦ ਤੋਂਂ 50 ਮੈਗਾਵਾਟ, ਕੋਸਟਲ ਗੁਜਰਾਤ ਪਾਵਰ ਲਿਮਟਿਡ, ਮਦੁਰਾ ਅਤੇ ਸਾਸ਼ਨ ਪਲਾਂਟ 50 ਮੈਗਾਵਾਟ ਬਿਜਲੀ ਪ੍ਰਾਪਤ ਨਹੀਂ ਹੋ ਰਹੀ। ਉਨ੍ਹਾਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਉਪਰੋਕਤ ਮੁਸ਼ਕਲਾਂ ਦੇ ਬਾਵਜੂਦ ਵੀ ਪੰਜਾਬ ਦੀ ਬਿਜਲੀ ਪੂਰਤੀ ਲਈ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੇ ਰੋਪੜ ਅਤੇ ਲਹਿਰਾ ਥਰਮਲ ਪਲਾਂਟਾਂ ਨੇ 21 ਜੂਨ 2018 ਨੂੰ 365.8 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਦੋਂ ਕਿ 21 ਜੂਨ 2017 ਨੂੰ ਇਹ ਉਤਪਾਦਨ 146.95 ਲੱਖ ਯੂਨਿਟ ਸੀ। ਉਹਨਾਂ ਦੱਸਿਆ ਕਿ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਨੇ ਵੱਧ ਮਾਤਰਾ ਵਿੱਚ ਬਿਜਲੀ ਦਾ ਉਤਪਾਦਨ ਕੀਤਾ ਹੈ। ਇੰਜ: ਸਰਾਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਨੇ ਬੈਂਕਿੰਗ ਪ੍ਰਣਾਲੀ ਅਧੀਨ 1700 ਮੈਗਾਵਾਟ ਬਿਜਲੀ ਉਪਲੱਭਦ ਕਰਵਾਉਣ ਲਈ ਪ੍ਰਬੰਧ ਕੀਤੇ ਹੋਏ ਹਨ ਉਹਨਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਸਪਲਾਈ ਦੀ ਨਿਗਰਾਨੀ ਬੜੀ ਬਰੀਕੀ ਨਾਲ ਕੀਤੀ ਜਾ ਰਹੀ ਹੈ ਜੇਕਰ ਭਵਿੱਖ ਵਿੱਚ ਬਿਜਲੀ ਦੀ ਹੋਰ ਮੰਗ ਦੀ ਜਰੂਰਤ ਪਈ ਤਾਂ ਸ਼ਾਰਟ ਟਰਮ ਖਰੀਦ ਸਮਝੌਤਿਆਂ ਰਾਂਹੀ ਬਿਜਲੀ ਦੇ ਪ੍ਰਬੰਧ ਕੀਤੇ ਜਾਣਗੇ।