ਪਟਿਆਲਾ, (ਜੀ ਐੱਸ ਪੰਨੂ) - ਪਟਿਆਲਾ ਰਾਜਪੁਰਾ ਸੜਕ 'ਤੇ ਪਿੰਡ ਚਮਾਰਹੇੜੀ ਨੇੜੇ ਤਿੰਨ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੁਰੂ ਨਾਨਕ ਪੈਟਰੋਲ ਪੰਪ ਨੂੰ 17 ਤੇ 18 ਜੂਨ ਦੀ ਦਰਮਿਆਨੀ ਰਾਤ ਨੂੰ ਲੁੱਟਣ ਮੌਕੇ ਦੋ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਕਰਨ ਮਗਰੋਂ 11,000 ਰੁਪਏ ਲੁੱਟ ਕੇ ਮੌਕੇ ਤੇ ਭੱਜ ਗਏ ਸੀ ਨੂੰ ਪਟਿਆਲਾ ਪੁਲਿਸ ਨੇ ਹੱਲ ਕਰ ਲਿਆ ਹੈ ਅਤੇ ਤਿੰਨਾਂ ਵਿੱਚੋਂ 2 ਦੋਸ਼ੀਆਂ ਸਿਕੰਦਰ ਸਿੰਘ ਪੁੱਤਰ ਸ਼੍ਰੀ ਮਲੂਕ ਸਿੰਘ ਵਾਸੀ ਪਿੰਡ ਢੱਡਰੀਆਂ ਜ਼ਿਲਾ ਸੰਗਰੂਰ ਤੇ ਹਰਪ੍ਰੀਤ ਸਿੰਘ ਸਿੰਘ ਉਰਫ਼ ਮੱਖਣ ਪੁੱਤਰ ਰੂੜ ਸਿੰਘ ਵਾਸੀ ਪਿੰਡ ਸੈਫਦੀਪੁਰ ਜ਼ਿਲਾ ਪਟਿਆਲਾ ਨੂੰ ਵਾਰਦਾਤ ਮੌਕੇ ਵਰਤੇ ਹਥਿਆਰਾਂ, ਮੋਟਰਸਾਈਕਲ ਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਵਾਰਦਾਤ ਵਿੱਚ ਸ਼ਾਮਲ ਇਹਨਾਂ ਦਾ ਤੀਸਰਾ ਸਾਥੀ ਜਿਸ ਦੀ ਪਹਿਚਾਣ ਲਖਨਦੀਪ ਸਿੰਘ ਉਰਫ਼ ਸਵਰਨ ਸਿੰਘ ਉਰਫ਼ ਵਾਰਸ ਰੰਧਾਵਾ ਪੁੱਤਰ ਸ਼ਵਿੰਦਰ ਸਿੰਘ ਵਾਸੀ ਪਿੰਡ ਠੱਠਰਕੇ ਪੱਤੀ ਥਾਣਾ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਵਜੋਂ ਹੋਈ ਹੈ ਹਾਲੇ ਤੱਕ ਭਗੌੜਾ ਹੈ।
ਆਈ.ਜੀ. ਸ਼੍ਰੀ ਰਾਏ ਨੇ ਪੱਤਰਕਾਰ ਸੰਮੇਲਨ ਚ ਦੱਸਿਆ ਕਿ ਇਸ ਮੁਕੱਦਮੇ ਦੀ ਤਫ਼ਤੀਸ਼ ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਕਪਤਾਨ ਪੁਲਿਸ ਪਟਿਆਲਾ ਦੀ ਨਿਗਰਾਨੀ ਹੇਠ ਸ਼੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇਨਵੈਸਟੀਗੇਸ਼ਨ, ਸ਼੍ਰੀ ਕੇਸਰ ਸਿੰਘ ਕਪਤਾਨ ਪੁਲਿਸ ਸਿਟੀ ਪਟਿਆਲਾ, ਸ਼੍ਰੀ ਅਮਰਜੀਤ ਸਿੰਘ ਘੁੰਮਣ ਕਪਤਾਨ ਪੁਲਿਸ ਟਰੈਫਿਕ ਸ਼੍ਰੀ ਸੁਖਮਿੰਦਰ ਸਿੰਘ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ, ਸ਼੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ, ਉਪ ਕਪਤਾਨ ਪੁਲਿਸ ਸਿਟੀ 2 ਪਟਿਆਲਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਮੁਕੱਦਮਾ ਦੀ ਬਰੀਕੀ ਨਾਲ ਜਾਂਚ ਆਰੰਭ ਕੀਤੀ ਗਈ, ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਮੁੱਖ ਅਫ਼ਸਰ ਥਾਣਾ ਸਦਰ ਪਟਿਆਲਾ ਸਮੇਤ ਸ਼੍ਰੀ ਮੋਹਿਤ ਅਗਰਵਾਲ ਡੀ.ਐਸ.ਪੀ. ਅੰਡਰ ਟਰੇਨਿੰਗ, ਐਸ.ਆਈ. ਅਮਨਜੋਤ ਕੌਰ, ਐਸ.ਆਈ. ਕੌਰ ਸਿੰਘ ਇੰਚਾਰਜ ਪੁਲਿਸ ਪੋਸਟ ਬਹਾਦਰਗੜ, ਥਾਣੇਦਾਰ ਅੰਕੁਰਦੀਪ ਸਿੰਘ, ਏ.ਐਸ.ਆਈ. ਜਗਰੂਪ ਸਿੰਘ, ਏ.ਐਸ.ਆਈ. ਰਛਪਾਲ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ, ਹੌਲਦਾਰ ਬਲਕਾਰ ਸਿੰਘ ਦੀ ਟੀਮ ਨੇ ਦੋਸ਼ੀਆਂ ਦੀ ਭਾਲ ਕਰਕੇ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕੀਤਾ।
ਸ਼੍ਰੀ ਰਾਏ ਨੇ ਦੱਸਿਆ ਕਿ ਅੱਜ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਿਕੰਦਰ ਸਿੰਘ ਪਾਸੋਂ ਕਤਲ ਸਮੇਂ ਵਰਤਿਆ ਪਿਸਟਲ ਬੱਤੀ ਬੋਰ ਸਮੇਤ ਇੱਕ ਜਿੰਦਾ ਕਾਰਤੂਸ, ਬੁਲੇਟ ਮੋਟਰਸਾਈਕਲ ਨੰਬਰ ਪੀਬੀ 13 ਏ ਜੈਡ 4456 ਬਰਾਮਦ ਕੀਤਾ ਗਿਆ ਹੈ ਅਤੇ ਦੋਸ਼ੀ ਹਰਪ੍ਰੀਤ ਸਿੰਘ ਉਕਤ ਪਾਸੋਂ ਲਖਨਦੀਪ ਸਿੰਘ ਵੱਲੋਂ ਵਾਰਦਾਤ ਸਮੇਂ ਵਰਤਿਆ ਇੱਕ ਪਿਸਟਲ ਦੇਸੀ ਕੱਟਾ 315 ਬੋਰ ਸਮੇਤ ਇੱਥ ਖੋਲ ਕਾਰਤੂਸ 315 ਬੋਰ ਬ੍ਰਾਮਦ ਕੀਤਾ ਗਿਆ ਹੈ। ਸਿਕੰਦਰ ਸਿੰਘ ਦੀ ਤਲਾਸ਼ੀ ਦੌਰਾਨ ਉਸ ਦੇ ਕਬਜੇ ਵਿੱਚੋਂ 300 ਗ੍ਰਾਮ ਨਸ਼ੀਲਾ ਪਾਊਡਰ ਵੀ ਬ੍ਰਾਮਦ ਕੀਤਾ ਗਿਆ ਹੈ, ਜਿਸ ਬਾਰੇ ਵੱਖਰਾ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮੇ ਦਾ ਤੀਜਾ ਦੋਸ਼ੀ ਲਖਨਦੀਪ ਸਿੰਘ ਉਰਫ ਵਾਰਸ ਰੰਧਾਵਾ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਪਾਸੋਂ ਹੋਰ ਵਾਰਦਾਤਾਂ ਬਾਰੇ ਕੋਈ ਸੁਰਾਗ ਮਿਲ ਸਕਣ।