ਚੰਡੀਗੜ੍ਹ, 12 ਜੂਨ 2018: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਉਸ ਬਿਆਨ ਨਾਲ ਅਕਾਲੀ-ਭਾਜਪਾ ਗੱਠਜੋੜ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਵੱਡੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਦੌਰਾਨ ਕਿਸਾਨਾਂ ਦੇ ਮੁੱਦਿਆਂ 'ਤੇ ਕੋਈ ਗੱਲ ਨਹੀਂ ਕੀਤੀ |
ਸ੍ਰੀ ਮਲਿਕ ਦੇ ਬਿਆਨ 'ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਭਾਜਪਾ ਆਗੂ ਦੇ ਬਿਆਨ ਤੋਂ ਇਹ ਸਿੱਧ ਹੋ ਗਿਆ ਹੈ ਕਿ ਅਕਾਲੀਆਂ ਤੇ ਭਾਜਪਾਈਆਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਅਮਿਤ ਸ਼ਾਹ ਦਰਮਿਆਨ ਪ੍ਰਚਾਰੀ ਮੀਟਿੰਗ ਦੌਰਾਨ ਕਿਸਾਨਾਂ ਦਾ ਮਸਲਾ ਵਿਚਾਰਨਾ ਵੀ ਮੁਨਾਸਬ ਨਹੀਂ ਸਮਝਿਆ |
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਢੀਠਪੁਣੇ ਨਾਲ ਸ੍ਰੀ ਮਲਿਕ ਦਾਅਵਾ ਕਰ ਰਹੇ ਹਨ ਕਿ ਮੀਟਿੰਗ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮਸਲਾ ਨਹੀਂ ਉਠਾਇਆ ਗਿਆ, ਇਸ ਤੋਂ ਭਾਜਪਾ ਦਾ ਆਪਣੇ ਭਾਈਵਾਲ ਅਕਾਲੀ ਦਲ ਪ੍ਰਤੀ ਤਾਨਾਸ਼ਾਹ ਵਾਲਾ ਰਵੱਈਆ ਪ੍ਰਤੀਤ ਹੁੰਦਾ ਹੈ |
ਸ੍ਰੀ ਜਾਖੜ ਨੇ ਕਿਹਾ ਕਿ ਅਮਿਤ ਸ਼ਾਹ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਹਿੱਤ ਨਾਲ ਜੁੜੇ ਮਸਲੇ ਚੁੱਕਣ ਦੇ ਝੂਠੇ ਦਾਅਵੇ ਕਰਨ ਵਾਲੇ ਅਕਾਲੀ ਮਲਿਕ ਦੇ ਬਿਆਨ ਤੋਂ ਬਾਅਦ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਅਤੇ ਭਾਜਪਾ ਲੀਡਰਸ਼ਿਪ ਨੇ ਇਹ ਬਿਆਨ ਦੇ ਕੇ ਅਕਾਲੀਆਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ |
ਭਾਜਪਾ ਦੇ ਸ਼ਾਸਨਕਾਲ ਦੌਰਾਨ ਮੁਲਕ ਦੀ ਮਾੜੀ ਸਥਿਤੀ 'ਤੇ ਅਫਸੋਸ ਜ਼ਾਹਰ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤਾਂ ਕਰਜ਼ੇ 'ਚ ਡੁੱਬੀ ਕਿਸਾਨੀ ਦੀਆਂ ਦੁੱਖ-ਤਕਲੀਫਾਂ ਦੂਰ ਕਰਨ ਲਈ ਕੇਂਦਰ ਸਰਕਾਰ ਦੀ ਮਦਦ ਲਈ ਦਬਾਅ ਬਣਾ ਰਹੀ ਹੈ ਜਦਕਿ ਦੂਜੇ ਪਾਸੇ ਅਕਾਲੀਆਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੋਈ ਫਿਕਰ ਨਹੀਂ ਹੈ |
ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਮੂਹਰੇ ਚੁੱਪ ਧਾਰੀ ਰੱਖਣਾ ਬਾਦਲਾਂ ਦੀ ਤਾਂ ਮਜਬੂਰੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਨਰੇਂਦਰ ਮੋਦੀ ਸਰਕਾਰ ਵਿੱਚ ਮੰਤਰੀ ਹੈ ਪਰ ਦੁੱਖ ਦੀ ਗੱਲ ਹੈ ਕਿ ਬਾਕੀ ਅਕਾਲੀ ਲੀਡਰਾਂ ਵੱਲੋਂ ਵੀ ਭਾਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਤੇ ਪੰਜਾਬ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਵਿਰੁੱਧ ਆਵਾਜ਼ ਨਹੀਂ ਉਠਾਈ ਜਾ ਰਹੀ |
ਸ੍ਰੀ ਜਾਖੜ ਨੇ ਸੀਨੀਅਰ ਅਕਾਲੀ ਲੀਡਰਾਂ ਨੂੰ ਸੱਦਾ ਦਿੱਤਾ ਕਿ ਜੇਕਰ ਉਹ ਪੰਜਾਬ ਵਿੱਚ ਆਪਣਾ ਸਿਆਸੀ ਵਜੂਦ ਬਣਾਈ ਰੱਖਣਾ ਚਾਹੁੰਦੇ ਹਨ ਤਾਂ ਉਹ ਭਾਜਪਾ ਦੀਆਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਖੁੱਲ੍ਹ ਕੇ ਮੈਦਾਨ ਵਿੱਚ ਨਿੱਤਰਨ |
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੇ ਪਹਿਰੇਦਾਰ ਹੋਣ ਦਾ ਦਾਅਵਾ ਕਰਨ ਵਾਲੇ ਅਕਾਲੀਆਂ ਨੂੰ ਜਾਂ ਤਾਂ ਕੇਂਦਰ ਸਰਕਾਰ ਨਾਲ ਮੱਥਾ ਲਾਉਣਾ ਚਾਹੀਦਾ ਹੈ ਤੇ ਜਾਂ ਫਿਰ ਭਾਜਪਾ ਨਾਲੋਂ ਤੋੜ-ਵਿਛੋੜਾ ਕਰ ਲੈਣਾ ਚਾਹੀਦਾ ਹੈ |