ਵਿਜੀਲੈਂਸ ਵੱਲੋਂ ਜ਼ਮੀਨ ਖ਼ਰੀਦ ਘਪਲੇਬਾਜ਼ੀ 'ਚ ਸ਼ਾਮਲ ਤਹਿਸੀਲਦਾਰ ਗ੍ਰਿਫ਼ਤਾਰ
ਚੰਡੀਗੜ੍ਹ 27 ਮਈ, 2018 : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗ੍ਰਾਮ ਪੰਚਾਇਤ ਪਿੰਡ ਝਿਊਰ ਹੇੜੀ ਦੇ ਨਾਮ 'ਤੇ ਵੱਖ-ਵੱਖ ਥਾਵਾਂ 'ਤੇ 25 ਏਕੜ ਤੋਂ ਵੱਧ ਜ਼ਮੀਨ ਖ਼ਰੀਦਣ ਵਿਚ ਹੋਈ ਕਰੀਬ 8 ਕਰੋੜ ਰੁਪਏ ਦੀ ਘਪਲੇਬਾਜ਼ੀ ਦੀ ਪੜਤਾਲ ਉੱਪਰੰਤ ਉਸ ਵੇਲੇ ਬੱਸੀ ਪਠਾਣਾ ਵਿਖੇ ਤਾਇਨਾਤ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਪਿੰਡ ਝਿਊਰ ਹੇੜੀ ਦੀ ਕਰੀਬ ਪੰਚਾਇਤ ਦੇਹ ਜ਼ਮੀਨ ਖ਼ਰੀਦਣ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਪਿੰਡ ਕੰਦੀਪੁਰ ਤੇ ਕਰੀਮਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਜ਼ਮੀਨ ਦਾ ਕਲੈਕਟਰ ਰੇਟ 9,77,000/-ਰੁ: ਪ੍ਰਤੀ ਏਕੜ ਸੀ ਜਦਕਿ ਉਸ ਸਮੇਂ ਜ਼ਮੀਨ ਦਾ ਮਾਰਕੀਟ ਰੇਟ 20 ਤੋਂ 25 ਲੱਖ ਰੁਪਏ ਪ੍ਰਤੀ ਏਕੜ ਸੀ ਪਰ ਸਰਪੰਚ ਗੁਰਪਾਲ ਸਿੰਘ ਪਿੰਡ ਝਿਊਰ ਹੇੜੀ ਅਤੇ ਵਿਚੋਲਾ ਮੁਹੰਮਦ ਸੁਹੇਲ ਚੌਹਾਨ ਵੱਲੋਂ ਇਨ੍ਹਾਂ ਦੋਹਾਂ ਪਿੰਡਾਂ ਦੀ ਜ਼ਮੀਨ 54 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖ਼ਰੀਦੀ ਜਾ ਗਈ ਸੀ। ਉਕਤ ਦੋਸ਼ੀਆਂ ਦੀ ਪੜਤਾਲ ਤੋਂ ਇਹ ਸਾਹਮਣੇ ਆਇਆ ਕਿ ਅਪ੍ਰੈਲ 2016 ਨੂੰ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਇਹ ਕਹਿ ਕੇ ਰਜਿਸਟਰੀ ਰੋਕ ਦਿੱਤੀ ਸੀ ਕਿ ਇਸ ਇਲਾਕੇ ਵਿੱਚ ਜ਼ਮੀਨ ਦਾ ਰੇਟ 20-25 ਲੱਖ ਰੁਪਏ ਤੋਂ ਵੱਧ ਨਹੀਂ ਹੈ ਜਦਕਿ ਉਨ੍ਹਾਂ ਵੱਲੋਂ 54 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਜਿਸਟਰੀ ਕਿਉਂ ਕਰਵਾ ਰਹੇ ਹੋ। ਇਸ ਤੋਂ ਇਲਾਵਾ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਜ਼ਮੀਨ ਖ਼ਰੀਦਣ ਲਈ ਸਰਕਾਰ ਦੇ ਹੁਕਮਾਂ ਦੀ ਕਾਪੀ ਅਤੇ ਸਰਪੰਚ ਨੂੰ ਜ਼ਮੀਨ ਖ਼ਰੀਦਣ ਲਈ ਅਧਿਕਾਰਤ ਕਰਨ ਵਾਲੇ ਮਤੇ ਦੀ ਕਾਪੀ ਮੰਗੀ। ਰਜਿਸਟਰੀ ਰੋਕਣ ਤੋਂ ਬਾਅਦ ਸਰਪੰਚ ਗੁਰਪਾਲ ਸਿੰਘ ਅਤੇ ਵਕੀਲ ਮੁਹੰਮਦ ਸੁਹੇਲ ਚੌਹਾਨ ਪ੍ਰਾਪਰਟੀ ਡੀਲਰ ਬਲਦੇਵ ਸਿੰਘ ਵਾਸੀ ਪਿੰਡ ਵਜੀਦਪੁਰ ਤਹਿ: ਬੱਸੀ ਪਠਾਣਾ ਨੂੰ ਇਸ ਕੇਸ ਵਿਚ ਮਦਦ ਕਰਨ ਲਈ ਕਿਹਾ ਗਿਆ ਜੋ ਕਿ ਪ੍ਰਾਪਰਟੀ ਡੀਲਰ ਹੋਣ ਕਰਕੇ ਪਹਿਲਾਂ ਵੀ ਤਹਿਸੀਲਦਾਰ ਕੁਲਦੀਪ ਸਿੰਘ ਕੋਲ ਕੰਮ ਕਰਵਾਉਣ ਲਈ ਜਾਂਦਾ ਰਹਿੰਦਾ ਸੀ। ਉਨ੍ਹਾਂ ਨੇ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੂੰ ਦੱਸਿਆ ਕਿ ਉਹ ਆਪਣੀ ਸੇਵਾ ਦੱਸੇ ਅਤੇ ਰਜਿਸਟਰੀ ਕਰ ਦੇਵੇ।ਜੋ ਦੋਸ਼ੀ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਜ਼ਮੀਨ ਦੀ ਰਜਿਸਟਰੀ ਕਰਨ ਬਦਲੇ ਉਨ੍ਹਾਂ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਸੌਦਾ 10 ਲੱਖ ਰੁਪਏ ਵਿੱਚ ਤਹਿ ਹੋ ਗਿਆ ਸੀ। ਜੋ ਕੁਝ ਦੇਰ ਬਾਦ ਸਰਪੰਚ ਗੁਰਪਾਲ ਸਿੰਘ ਅਤੇ ਮੁਹੰਮਦ ਸੁਹੇਲ ਚੌਹਾਨ 10 ਲੱਖ ਰੁਪਏ ਲੈ ਕੇ ਦੋਸ਼ੀ ਦੇ ਦਫ਼ਤਰ ਗਏ ਅਤੇ ਦੋਸ਼ੀ ਨੇ 10 ਲੱਖ ਰੁਪਏ ਆਪਣੀ ਗੱਡੀ ਵਿੱਚ ਰਖਵਾ ਲਏ ਅਤੇ ਇਨ੍ਹਾਂ ਦੀਆਂ ਰਜਿਸਟਰੀਆਂ ਨੰਬਰ 42 ਅਤੇ 43 ਮਿਤੀ 06.04.2016 ਕਰ ਦਿੱਤੀਆਂ। ਤਹਿਸੀਲਦਾਰ ਕੁਲਦੀਪ ਸਿੰਘ ਨੇ ਸਰਪੰਚ ਗੁਰਪਾਲ ਸਿੰਘ ਅਤੇ ਵਕੀਲ ਮੁਹੰਮਦ ਸੁਹੇਲ ਚੌਹਾਨ ਨੂੰ ਆਪਣਾ ਮੋਬਾਈਲ ਨੰਬਰ ਅਤੇ ਘਰ ਦਾ ਪਤਾ ਦੇ ਦਿੱਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਫਿਰ ਕੋਈ ਕੰਮ ਹੋਵੇ ਤਾਂ ਉਹ ਸਿੱਧਾ ਮੇਰੇ ਕੋਲ ਆ ਜਾਣ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ । ਇਸ ਤੋਂ ਬਾਅਦ ਮਿਤੀ 27.04.2016 ਨੂੰ ਸਰਪੰਚ ਗੁਰਪਾਲ ਸਿੰਘ ਅਤੇ ਵਕੀਲ ਮੁਹੰਮਦ ਸੁਹੇਲ ਚੌਹਾਨ ਤਹਿਸੀਲਦਾਰ ਕੁਲਦੀਪ ਸਿੰਘ ਦੇ ਘਰ ਫੇਸ 11 ਮੋਹਾਲੀ ਵਿਖੇ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਇੱਕ ਹੋਰ ਰਜਿਸਟਰੀ ਕਰਵਾਉਣੀ ਹੈ ਤਾਂ ਦੋਸ਼ੀ ਨੇ ਉਨ੍ਹਾਂ ਨੂੰ ਕਿਹਾ ਕਿ ਅੱਜ ਰਜਿਸਟਰੀਆਂ ਉਪਰ ਉਸ ਦੀ ਡਿਊਟੀ ਨਹੀਂ ਹੈ ਅੱਜ ਨਾਇਬ ਤਹਿਸੀਲਦਾਰ ਦੀ ਡਿਊਟੀ ਹੈ ਦੋਸ਼ੀ ਨੇ ਕਿਹਾ ਕਿ ਤੁਹਾਡਾ ਕੰਮ ਕਰਵਾ ਦਿਆਂਗਾ। ਫਿਰ ਦੋਸ਼ੀ ਨੇ ਅੰਡਰ ਟਰੇਨਿੰਗ ਨਾਇਬ ਤਹਿਸੀਲਦਾਰ ਸਰਬਜੀਤ ਸਿੰਘ ਨੂੰ ਕਹਿ ਕੇ ਇਨ੍ਹਾਂ ਦੀ ਰਜਿਸਟਰੀ ਨੰਬਰ 139 ਮਿਤੀ 27.4.2018 ਨੂੰ ਕਰਵਾ ਦਿੱਤੀ। ਜਿਸ ਬਦਲੇ ਬਦਲੇ ਉਨ੍ਹਾਂ ਤੋਂ 7 ਲੱਖ ਰੁਪਏ ਹਾਸਲ ਕਰਕੇ ਸਰਪੰਚ ਗੁਰਪਾਲ ਸਿੰਘ,ਮੁਹੰਮਦ ਸੁਹੇਲ ਚੌਹਾਨ ਤੋਂ 17 ਲੱਖ ਰੁਪਏ ਰਿਸ਼ਵਤ ਲੈ ਕੇ ਉਕਤ ਰਜਿਸਟਰੀਆਂ ਕਰਕੇ ਬਾਕੀ ਦੋਸ਼ੀਆਂ ਦਾ 6 ਕਰੋੜ 35 ਲੱਖ ਰੁਪਏ ਦਾ ਘਪਲਾ ਕਰਨ ਵਿੱਚ ਸਾਥ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਮੁਹਾਲੀ ਹਵਾਈ ਅੱਡੇ ਦਾ ਵਿਸਥਾਰ ਕਰਨ ਮੌਕੇ ਪਿੰਡ ਝਿਊਰ ਹੇੜੀ ਦੀ ਕਰੀਬ 36 ਏਕੜ ਪੰਚਾਇਤ ਦੇਹ ਜ਼ਮੀਨ ਅਕਵਾਇਰ ਕੀਤੀ ਗਈ ਜਿਸ ਦਾ ਮੁਆਵਜ਼ਾ 1.50 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 54,16,87,500 ਰੁਪਏ ਜਾਰੀ ਕੀਤਾ ਗਿਆ ਸੀ ਅਤੇ ਇਹ ਰਕਮ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਨਿਗਰਾਨੀ 'ਤੇ ਰੱਖੀ ਗਈ ਸੀ ਪਰ ਸਾਲ 2013 ਵਿਚ ਸਰਪੰਚ ਗੁਰਪਾਲ ਸਿੰਘ ਨੇ ਪੰਚਾਇਤ ਵੱਲੋਂ ਪਾਸ ਮਤੇ ਦੇ ਉਲਟ ਮਹਿਕਮੇ ਦੇ ਅਧਿਕਾਰੀਆਂ, ਕਰਮਚਾਰੀਆਂ, ਸਰਪੰਚ ਅਤੇ ਹੋਰਨਾਂ ਨੇ ਰਲ ਕੇ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖ਼ਰੀਦਣ ਵਿੱਚ ਘਪਲੇਬਾਜ਼ੀ ਕੀਤੀ।
ਉਨ੍ਹਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਜ਼ਮੀਨ ਖ਼ਰੀਦਣ ਸਬੰਧੀ ਸਰਕਾਰੀ ਹਦਾਇਤਾਂ ਤੋਂ ਜਾਣੂੰ ਹੁੰਦੇ ਹੋਏ ਵੀ ਆਪਣੇ ਨਿੱਜੀ ਲਾਭ ਲਈ ਇਹ ਜ਼ਮੀਨ ਕਲੈਕਟਰ ਰੇਟ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉੱਚੇ ਰੇਟ 'ਤੇ ਖ਼ਰੀਦ ਕੇ ਸਰਕਾਰ ਅਤੇ ਗਰਾਮ ਪੰਚਾਇਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਕਰਕੇ ਉਕਤ ਖ਼ਰੀਦੇ ਡੀ.ਡੀ.ਪੀ.ਓ., ਬੀ.ਡੀ.ਪੀ.ਓ. ਅਤੇ ਪੰਚਾਇਤ ਸਕੱਤਰ ਸਮੇਤ ਸੁਰਿੰਦਰ ਸਿੰਘ ਉਰਫ਼ ਸੁਰਿੰਦਰ ਖਾਨ ਵਾਸੀ ਮੂਲੇਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਵਿਚੋਲਾ ਮੁਹੰਮਦ ਸੁਹੇਲ ਚੌਹਾਨ, ਦਰਸ਼ਨ ਸਿੰਘ, ਦਰਸ਼ਨ ਸਿੰਘ ਖ਼ਿਲਾਫ਼ ਪਹਿਲਾਂ ਹੀ ਭਾਰਤੀ ਦੰਡਾਵਲੀ ਦੀ ਧਾਰਾ 409, 420, 465, 467, 471, 120-ਬੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤੇ 13 (2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।