ਚੰਡੀਗੜ 22 ਮਈ 2018 : ਅੱਜ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਤੇ ਵਿਚਾਰ ਕਰਨ ਲਈ ਬਣਾਈ ਸਬ ਕੈਬਿਨਟ ਕਮੇਟੀ ਜਿਸ ਵਿਚ ਬ੍ਰਹਮ ਮਹਿੰਦਰਾਂ, ਸਾਧੂ ਸਿੰਘ ਧਰਮਸੋਤ ਅਤੇ ਓ.ਪੀ ਸੋਨੀ ਵੱਲੋਂ ਮੁਲਾਜ਼ਮ ਜਥੇਬੰਦੀ ਨਾਲ ਪੰਜਾਬ ਭਵਨ ਚੰਡੀਗੜ ਵਿਚ ਮੀਟਿੰਗ ਕੀਤੀ ਗਈ।ਮੀੀਟੰਗ ਦੋਰਾਨ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕਰਨ ਅਤੇ ਘੱਟੋ ਘੱਟ ਉਜ਼ਾਰਤ ਲਾਗੂ ਕਰਨ ਦੀ ਮੰਗ ਰੱਖੀ ਗਈ ਜਿਸ ਤੇ ਲੰਬੀ ਵਿਚਾਰ ਚਰਚਾ ਹੋਈ ਅਤੇ ਮੁਲਾਜ਼ਮਾਂ ਵੱਲੋਂ ਆਪਣੇ ਤਰਕ ਰੱਖੇ ਗਏ। ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਾਏ ਐਕਟ ਨੂੰ ਮਾਨਯੋਗ ਅਦਾਲਤ ਵਿਚ ਵਿਚਾਰ ਅਧੀਨ ਹੈ ਅਤੇ ਅਦਾਲਤ ਵੱਲੋਂ ਐਕਟ ਵਿਚ ਬਦਲਾਅ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ ਜਿਸ ਕਰਕੇ ਸਰਕਾਰ ਵੱਲੋਂ ਇਸ ਐਕਟ ਵਿਚ ਲੋੜੀਦੇ ਬਦਲਾਅ ਕਰਕੇ ਐਕਟ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਇਸ ਤੋਂ ਬਾਅਦ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਇਮਰਾਨ ਭੱਟੀ ਅਸ਼ੀਸ਼ ਜੁਲਾਹਾ, ਰਣਜੀਤ ਸਿੰਘ ਰਾਣਵਾਂ ਅਮ੍ਰਿੰਤਪਾਲ ਸਿੰਘ, ਰਜਿੰਦਰ ਸਿੰਘ,ਰਵਿੰਦਰ ਰਵੀ ਨੇ ਕਿਹਾ ਕਿ ਮੀਟਿੰਗ ਦੋਰਾਨ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਵੱਖ ਵੱਖ ਵਿਭਾਗਾਂ ਵਿਚ ਮੁਲਾਜ਼ਮ ਪਿਛਲੇ 15-20 ਸਾਲਾਂ ਤੋਂ ਠੇਕਾ ਅਧਾਰ ਤੇ ਕੰਮ ਕਰ ਰਹੇ ਹਨ ਤੇ ਚੋਣਾਂ ਦੋਰਾਨ ਕਾਂਗਰਸ ਵੱਲੋਂ ਸਰਕਾਰ ਬਨਣ ਤੇ ਤੁਰੰਤ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਸਬ ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਮੀਟਿੰਗ ਦੋਰਾਨ ਦੱਸਿਆ ਗਿਆ ਕਿ ਐਕਟ ਦਾ ਖਰੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕਰ ਦਿੱਤਾ ਗਿਆ ਹੈ ਅਤੇ ਖਰੜੇ ਤੇ ਅਗਲੇ ਵਿਚਾਰ ਲਈ ਮੁਲਾਜ਼ਮ ਜਥੇਬੰਦੀ ਨਾਲ ਜੂਨ ਮਹੀਨੇ ਦੋਰਾਨ ਮੀਟਿੰਗ ਕੀਤੀ ਜਾਵੇਗੀ।ਆਗੂਆ ਨੇ ਕਿਹਾ ਕਿ ਐਕਟ ਵਿਚ ਕੀਤੀਆ ਜਾਣ ਵਾਲੀਆ ਸੋਧਾਂ ਮੁਲਾਜ਼ਮ ਵਿਰੋਧੀ ਹੋਈਆ ਤਾਂ ਮੁਲਾਜ਼ਮ ਸਘੰਰਸ਼ ਕਰਦੇ ਹੋਏ ਸੜਕਾਂ ਤੇ ਉਤਰਨਗੇ।ਆਗੂਆ ਨੇ ਦੱਸਿਆ ਕਿ ਸੁਵਿਧਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਤੇ ਸਬ ਕੈਬਿਨਟ ਕਮੇਟੀ ਪ੍ਰਧਾਨ ਸ਼੍ਰੀ ਬ੍ਰਹਮ ਮਹਿੰਦਰਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਹਮਦਰਦੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ। ਆਗੂਆ ਨੇ ਕਿਹਾ ਕਿ ਦਿ ਕਲਾਸ ਫੋਰ ਗੋਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ 25 ਮਈ ਨੂੰ ਚੰਡੀਗੜ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ।