ਫ਼ਾਜ਼ਿਲਕਾ ਜ਼ਿਲ੍ਹੇ ਦੇ ਅਖੀਰਲੇ ਖੇਤਰ ਵਿੱਚ ਨਹਿਰੀ ਪਾਣੀ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ
ਜਗਦੀਸ਼ ਥਿੰਦ
ਫਾਜ਼ਿਲਕਾ 22 ਮਈ
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਸ਼ਨਿਚਰਵਾਰ ਤੋਂ ਪਿੱਛੋਂ ਫ਼ੈਕਟਰੀਆਂ ਤੋਂ ਆ ਰਹੇ ਸੀਰਾਂ ਘੁਲੇ(ਗੰਦੇ ਪਾਣੀ) ਦੇ ਮੱਦੇਨਜ਼ਰ ਜ਼ਿਲ੍ਹੇ ਦੇ ਮਾਈਨਰਾਂ ਅਤੇ ਨਹਿਰਾਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛੋਂ ਆ ਰਹੇ ਪਾਣੀ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਜਿਸ ਕਰਕੇ ਜ਼ਿਲ੍ਹੇ ਦੇ ਕਿਸੇ ਵੀ ਜਲਘਰ ਵਿੱਚ ਜਹਿਰੀਲਾ ਪਾਣੀ ਨਹੀਂ ਪੈਣ ਦਿੱਤਾ ਗਿਆ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਜਾ ਚੁੱਕੇ ਹਨ ਕਿ ਨਹਿਰੀ ਪਾਣੀ ਦੀ ਵਰਤੋਂ ਵਾਲੇ ਜਲਘਰਾਂ ਵਿੱਚ ਪਾਣੀ ਦੀ ਸੈਂਪਲਿੰਗ ਸਹੀ ਹੋਣ ਉਪਰੰਤ ਹੀ ਪਿੰਡ ਵਾਸੀਆਂ ਦੇ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਕਰਵਾਉਣਾ ਯਕੀਨੀ ਬਣਾਉਣ। ਇਸ ਦੇ ਨਾਲ-ਨਾਲ ਉਨ੍ਹਾਂ ਸੋਸ਼ਲ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਇਕ ਹਿੱਸੇ ਵੱਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਤੋਂ ਵੀ ਜ਼ਿਲ੍ਹਾ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਦੱਸਿਆ ਕਿ ਅਬੋਹਰ ਬਰਾਂਚ ਵਿੱਚ ਅੱਜ ਸ਼ਾਮ ਤੱਕ ਅਤੇ ਫਾਜ਼ਿਲਕਾ ਮਾਈਨਰ ਵਿੱਚ ਕੱਲ ਤੱਕ ਸਫਾਈ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਐਸ.ਡੀ.ਐਮਜ਼, ਨਹਿਰੀ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਲਗਾਤਾਰਤਾ ਵਿੱਚ ਨਹਿਰਾਂ ਤੇ ਮਾਈਨਰਾਂ ਦੀ ਨਜ਼ਰਸਾਨੀ ਬਣਾਏ ਰੱਖਣਾ ਯਕੀਨੀ ਕੀਤਾ ਜਾਵੇ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬੀ.ਡੀ.ਪੀ.ਓਜ਼ ਤੇ ਪੰਚਾਇਤਾਂ ਨੂੰ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਸਮਾਂ ਪਾਣੀ ਪਿੱਛੋਂ ਸਾਫ਼ ਨਹੀਂ ਆਉਂਦਾ ਜਾਂ ਜਿੰਨੀ ਦੇਰ ਸੈਂਪਲਿੰਗ ਸਹੀ ਨਹੀਂ ਪਾਈ ਜਾਂਦੀ ਉਨੀ ਦੇਰ ਪਾਣੀ ਦੀ ਪਸ਼ੂਆਂ ਲਈ, ਨਹਾਉਣ ਲਈ, ਕਪੜੇ ਧੋਣ ਨਹੀ ਅਤੇ ਪਾਣ ਲਈ ਵਰਤੋਂ ਨਾ ਕੀਤੀ ਜਾਵੇ। ਇਸ ਦੇ ਨਾਲ-ਨਾਲ ਉਨ੍ਹਾਂ ਨੰਬਰਦਾਰ ਤੇ ਪੰਚਾਇਤ ਸੈਕਟਰੀ ਨੂੰ ਹਦਾਇਤ ਕੀਤੀ ਕਿ ਗਲਤ ਅਫਵਾਹਾਂ ਤੋਂ ਸਾਵਧਾਨ ਰਹਿਣ ਲਈ ਉਹ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਨਾਉਸਮੈਂਟ ਕਰਵਾਉਣੀ ਲਾਜ਼ਮੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਇਕ ਚੈਨਲ ਵੱਲੋਂ ਫੈਲਾਈ ਜਾ ਰਹੀ ਅਫਵਾਹ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਪੀਣ ਲਈ ਪਾਣੀ ਸਿਹਤ ਵਿਭਾਗ ਵੱਲੋਂ ਆਪਣੇ ਪੱਧਰ 'ਤੇ ਟਿਉਬਵੈਲ ਕੁਨੈਕਸ਼ਨ ਤੇ ਆਰ.ਓ. ਸਿਸਟਮ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸਦਾ ਹਸਪਤਾਲ ਵਿਚਲੀ ਸਪਲਾਈ ਦਾ ਨਹਿਰੀ ਪਾਣੀ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਝੁਠੀਆਂ ਅਫਵਾਹਾਂ ਫੈਲਾਉਣ ਵਾਲੇ ਇਲੈਕਟ੍ਰਾਨਿਕ ਮੀਡੀਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਬਲਬੀਰ ਰਾਜ ਸਿੰਘ, ਸਹਾਇਕ ਕਮਿਸ਼ਨਰ(ਜਨਰਲ) ਸ੍ਰੀ ਜਗਦੀਪ ਸਹਿਗਲ ਤੋਂ ਇਲਾਵਾ ਨਹਿਰੀ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।