ਵਿਵਾਦ ਤੋਂ ਬਾਅਦ ਇਕੱਤਰ ਹੋਏ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜਪੁਰ 26 ਅਪਰੈਲ ਐਸ ਡੀ ਐਮ ਗੁਰੂ ਹਰਸਹਾਏ ਚਰਨ ਦੀਪ ਸਿੰਘ ਅਤੇ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦਰਮਿਆਨ ਚੱਲਿਆ ਆ ਰਿਹਾ ਚਾਰ ਮਹੀਨੇ ਪੁਰਾਣਾ ਟਕਰਾਓ ਅੱਜ ਵਿਸਫੋਟਕ ਰੂਪ ਉਸ ਵਖਤ ਧਾਰਨ ਕਰ ਗਿਆ ਜਦੋਂ ਵਕੀਲਾਂ ਦੇ ਇੱਕ ਵਫ਼ਦ ਨੇ ਐਸਡੀਐਮ ਨੂੰ ਘੇਰ ਕੇ ਕੀਤੇ ਜਾ ਰਹੇ ਆਪ ਹੁਦਰੇ ਫੈਸਲਿਆਂ ਬਾਰੇ ਸਵਾਲ ਪੁੱਛਿਆ ਤਾਂ ਐਸ ਡੀ ਐਮ ਭੜਕ ਗੲੇ । ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ਐਸ ਡੀ ਐਮ ਅਤੇ ਉਸ ਦੇ ਗੰਨਮੈਨ ਨੇ ਇੱਕ ਵਕੀਲ ਨੂੰ ਧੱਕੇ ਮਾਰੇ ਅਤੇ ਅਰੈਸਟ ਕਰਵਾਉਣ ਦੀ ਧਮਕੀਂ ਦਿੱਤੀ । ਇਸ ਦੌਰਾਨ ਵਕੀਲਾਂ ਵੱਲੋਂ ਵੀ ਨਾਅਰੇਬਾਜ਼ੀ ਕਰਨ ਸ਼ੁਰੂ ਕਰਨ ਦੌਰਾਨ ਐੱਸ ਡੀ ਐਮ ਦਫ਼ਤਰ ਛੱਡ ਕੇ ਚੱਲੇ ਗੲੇ । ਇਸ ਦੌਰਾਨ ਵਕੀਲਾਂ ਨੇ ਰੱਜ ਕੇ ਨਾਅਰੇਬਾਜ਼ੀ ਕੀਤੀ ਜਦਕਿ ਐਸ ਡੀ ਐਮ ਇਹ ਕਹਿ ਕੇ ਗਿਆ ਮੈਂ ਤੁਹਾਨੂੰ ਅਰੈਸਟ ਕਰਵਾਵਾਂਗਾ । ਉਹ ਗੱਡੀ ਵਿੱਚ ਬੈਠ ਕੇ ਬੈਠਦੇ ਸਾਰ ਹੀ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਕੇ ਉਸ ਉੱਪਰ ਹਮਲਾ ਹੋਣ ਦੀ ਸ਼ਿਕਾਇਤ ਕਰ ਰਹੇ ਸਨ । ਇਸ ਤੋਂ ਬਾਅਦ ਐਸ ਡੀ ਐਮ ਪੁਲਸ ਥਾਣੇ ਵੀ ਗਏ ਅਤੇ ਉਸ ਤੋਂ ਬਾਅਦ ਮਾਰਕੀਟ ਕਮੇਟੀ ਦਫ਼ਤਰ ਵਿੱਚ ਵੀ ਬੈਠੇ ਰਹੇ ।ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰੋਜੰਤ ਮੋਂਗਾ , ਸੁਰਜੀਤ ਸਿੰਘ ਰਾਏ , ਸੁਨੀਲ ਕੰਬੋਜ ਜੁਆਇੰਟ ਸੈਕਟਰੀ , ਸੁਖਚੈਨ ਸੋਢੀ ਸਾਬਕਾ ਪ੍ਰਧਾਨ , ਸੰਜੀਵ ਵੋਹਰਾ ਨੇ ਦੱਸਿਆ ਕਿ ਇਹ ਅਧਿਕਾਰੀ ਜਾਂ ਤਾਂ ਕੰਮ ਨਹੀਂ ਜਾਣਦਾ ਜਾਂ ਫਿਰ ਆਪਣੇ ਅੜੀਅਲ ਰਵੱਈਏ ਕਾਰਨ ਇੱਕ ਤਰਫਾ ਕਾਰਵਾਈ ਕਰਨ ਲੱਗਿਆ ਹੋਇਆ ਹੈ । ਅੱਜ ਜਦੋਂ ਵਕੀਲਾਂ ਦੇ ਇੱਕ ਵਫ਼ਦ ਨੇ ਇਸ ਤੋਂ ਸਵਾਲ ਪੁੱਛਿਆ ਤਾਂ ਇਹ ਜਵਾਬ ਦੇਣ ਦੀ ਬਜਾਏ ਭੜਕ ਗਿਆ ਅਤੇ ਵਕੀਲ ਸੁਰਜੀਤ ਰਾਏ ਉੱਪਰ ਹਮਲਾ ਕਰ ਦਿੱਤਾ । ਵਕੀਲਾਂ ਅਨੁਸਾਰ ਬੁੱਧਵਾਰ ਦਿੱਤੇ ਗਏ ਇੱਕ ਇੱਕਤਰਫਾ ਫ਼ੈਸਲੇ ਸਬੰਧੀ ਉਹ ਐਸ ਡੀ ਐਮ ਨਾਲ ਗੱਲ ਕਰਨ ਲਈ ਪੁੱਜੇ ਸੀ ਕਿ ਇਹ ਘਟਨਾ ਵਾਪਰ ਗਈ । ਬਾਰ ਐਸੋਸੀਏਸ਼ਨ ਪ੍ਰਧਾਨ ਰੋਜੰਤ ਮੋਂਗਾ ਅਨੁਸਾਰ ਉਹ ਇਸ ਸਬੰਧੀ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਕਮਿਸ਼ਨਰ ਫਿਰੋਜਪੁਰ ਮੰਡਲ ਨੂੰ ਵੀ ਦੇ ਚੁੱਕੇ ਹਨ ਪਰ ਸਾਡੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਿਆ । ਇਸ ਦੌਰਾਨ ਰਮਨ ਕੁਮਾਰ ਕੰਬੋਜ ਸਕੱਤਰ, ਜਗਮੀਤ ਸਿੰਘ ਸੰਧੂ ਵਾਈਸ ਚੇਅਰਮੈਨ , ਸ਼ਵਿੰਦਰ ਸਿੰਘ ਸਿੱਧੂ , ਗੁਰਪ੍ਰੀਤ ਬਾਵਾ , ਜਤਿੰਦਰ ਪੁੱਗਲ , ਰਵੀ ਮੋਂਗਾ , ਸੁਨੀਲ ਕੰਬੋਜ ਫਿਰੋਜਪੁਰ , ਬੇਅੰਤ ਸੰਧੂ , ਨਵਦੀਪ ਅਹੂਜਾ , ਗੌਰਵ ਮੋਂਗਾ , ਪਰਵਿੰਦਰ ਸੰਧੂ , ਰਾਜਿੰਦਰ ਮੋਂਗਾ ਆਦਿ ਵਕੀਲਾਂ ਨੇ ਬੈਠਕ ਕੀਤੀ ਅਤੇ ਕੱਲ੍ਹ ਸਵੇਰੇ ਸੰਘਰਸ਼ ਦਾ ਐਲਾਨ ਕੀਤਾ ।
ਵਕੀਲਾਂ ਦੇ ਅੜੀਅਲ ਰਵੱਈਏ ਕਾਰਨ ਆਮ ਲੋਕ ਹੋ ਰਹੇ ਹਨ ਪ੍ਰੇਸ਼ਾਨ : ਐਸ ਡੀ ਐਮ ਚਰਨਦੀਪ ਸਿੰਘ
ਇਸ ਸਬੰਧੀ ਐੱਸ ਡੀ ਐਮ ਗੁਰੂਹਰਸਹਾਏ ਚਰਨਦੀਪ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਪਿਛਲੇ ਕਈ ਚਾਰ ਮਹੀਨਿਆਂ ਤੋਂ ਲਗਾਤਾਰ ਵਕੀਲਾਂ ਨੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ । ਵਾਰ ਵਾਰ ਆਪਣਾ ਕਲਰਕ ਭੇਜ ਕੇ ਵਕੀਲਾਂ ਤਰੀਕ ਮੰਗਣ ਦਾ ਸੀ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ । ਜੱਜ ਦੀ ਸੀਟ ਤੇ ਬੈਠਾ ਮੈਂ ਦੋਨਾਂ ਧਿਰਾਂ ਦੇ ਪੱਖ ਜਾਨਣ ਤੋਂ ਬਾਅਦ ਅਖੀਰ ਨੂੰ ਫ਼ੈਸਲੇ ਸੁਣਾ ਰਿਹਾ ਹਾਂ । ਜੇਕਰ ਕਿਸੇ ਨੂੰ ਮੇਰੇ ਵੱਲੋਂ ਸੁਣਾਏ ਫੈਸਲੇ ਤੇ ਇਤਰਾਜ਼ ਹੋਵੇ ਤਾਂ ਉਹ ਅੱਗੇ ਅਪੀਲ ਕਰ ਸਕਦਾ ਹੈ ।ਪੰਜ ਵਜੇ ਤੋਂ ਬਾਅਦ ਕਿਸੇ ਅਧਿਕਾਰੀ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਫ਼ੈਸਲਾ ਬਦਲਣ ਲਈ ਮਜਬੂਰ ਕਰਨਾ ਨਾ ਸਹਿਣਯੋਗ ਹੈ ਦੇਰ ਸ਼ਾਮ ਤੱਕ ਬੈਠ ਕੇ ਫ਼ੈਸਲੇ ਸੁਣਾਉਣ ਦੇ ਵਕੀਲਾਂ ਦੇ ਦੋਸ਼ ਸਬੰਧੀ ਉਨ੍ਹਾਂ ਕਿਹਾ ਕਿ ਕਣਕ ਦਾ ਸੀਜ਼ਨ ਚੱਲਦਾ ਹੋਣ ਕਾਰਨ ਉਹ ਖਰੀਦ ਪ੍ਰਬੰਧਾਂ ਲਈ ਉਹ ਦੇਰ ਤੱਕ ਦਫਤਰ ਚ ਮੌਜੂਦ ਰਹਿ ਸਕਦੇ ਹਨ । ਪੁਲਸ ਕੋਲ ਵਕੀਲਾਂ ਦੀ ਸ਼ਿਕਾਇਤ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਉਹ ਥਾਣੇ ਵਿੱਚ ਸ਼ਿਕਾਇਤ ਕਰਨ ਨਹੀਂ ਬਲਕਿ ਆਮ ਰੁਟੀਨ ਦੀ ਚੈਕਿਗ ਵਜੋਂ ਗਏ ਸਨ ।