ਲੰਡਨ 20, ਮਾਰਚ 2018: (ਰਾਜਵੀਰ ਸਮਰਾ)
ਬਿ੍ਟੇਨ ਦੇ ਕਈ ਸਕੂਲਾਂ ਵਿਚ ਬੰਬ ਹੋਣ ਦੀ ਮਿਲੀ ਧਮਕੀ ਤੋਂ ਬਾਅਦ ਕਈ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ | ਧਮਕੀ ਵਿਚ ਕਿਹਾ ਗਿਆ ਕਿ ਸਕੂਲ ਦੇ ਮੈਦਾਨਾਂ ਵਿਚ ਬੰਬ ਲਗਾਇਆ ਗਿਆ ਹੈ ਅਤੇ ਮੰਗ ਨਾ ਮੰਨੀ ਗਈ ਤਾਂ ਧਮਾਕਾ ਹੋਵੇਗਾ, ਜਿਸ ਤੋਂ ਬਾਅਦ ਲੰਡਨ ਦੇ ਕਈ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ | ਮਾਪਿਆਂ ਨੂੰ ਤੁਰੰਤ ਸਕੂਲਾਂ ਵਲੋਂ ਸੁਨੇਹੇ ਭੇਜ ਕੇ ਆਪਣੇ ਬੱਚਿਆਂ ਨੂੰ ਲੈ ਜਾਣ ਲਈ ਕਿਹਾ ਗਿਆ | ਮੁੱਢਲੀਆਂ ਰਿਪੋਰਟਾਂ ਅਨੁਸਾਰ ਇਹ ਧਮਕੀ ਵਾਲੀ ਈ-ਮੇਲ ਅਮਰੀਕਾ ਤੋਂ ਆਈ ਮੰਨੀ ਜਾਂਦੀ ਹੈ ਜਿਸ ਤੋਂ ਬਾਅਦ ਹੰਸਲੋ ਦੇ 8 ਸਕੂਲ ਖਾਲੀ ਕਰਵਾਏ ਗਏ | ਟੋਲਵਰਥ ਦੇ ਕੈਥੋਲਿਕ ਪ੍ਰਾਇਮਰੀ ਸਕੂਲ, ਥਰਸਟਨ ਕਮਿਊਨਿਟੀ ਕਾਲਜ ਸਫਲਕ ਆਦਿ ਨੂੰ ਖਾਲੀ ਕਰਵਾਇਆ ਗਿਆ | ਮੈਟਰੋਪੁਲੀਟਨ ਪੁਲਿਸ ਨੇ 11.10 ਵਜੇ ਟਵੀਟ ਕਰਕੇ ਕਿਹਾ ਕਿ ਲੰਡਨ ਭਰ 'ਚ ਸਕੂਲਾਂ ਵਿਚ ਹੋਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਇਸ ਸਬੰਧੀ ਕੋਈ ਗਿ੍ਫ਼ਤਾਰ ਨਹੀਂ ਕੀਤਾ ਗਿਆ | ਨ੍ਰੌਥੁਮਬਰੀਆ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਇਲਾਕੇ ਦੇ ਬਹੁਤ ਸਾਰੇ ਸਕੂਲਾਂ ਨੇ ਧਮਕੀ ਭਰੀਆਂ ਈ-ਮੇਲਾਂ ਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ | ਇਨ੍ਹਾਂ ਈ-ਮੇਲਾਂ ਵਿਚ ਲਿਖਿਆ ਗਿਆ ਸੀ ਕਿ ਜੇ ਉਨ੍ਹਾਂ ਨੂੰ ਨਕਦ ਪੈਸੇ ਨਾ ਦਿੱਤੇ ਗਏ ਤਾਂ ਮੈਦਾਨਾਂ 'ਚ ਲਗਾਏ ਗਏ ਬੰਬਾਂ ਨੂੰ ਚਲਾ ਦਿੱਤਾ ਜਾਵੇਗਾ | ਇਹ ਈ-ਮੇਲ ਅਮਰੀਕਾ ਤੋਂ ਆਈ ਦਰਸਾ ਰਹੀ ਹੈ | ਘਟਨਾ ਤੋਂ ਬਾਅਦ ਪੁਲਿਸ ਲਗਾਤਾਰ ਸਕੂਲਾਂ ਵਿਚ ਜਾ ਕੇ ਜਾਂਚ ਕਰ ਰਹੀ ਹੈ |