ਔਕਲੈਂਡ, 20 ਮਾਰਚ 2018 : (ਹਰਜਿੰਦਰ ਸਿੰਘ ਬਸਿਆਲਾ)
ਇਹ ਗੱਲ ਸ਼ਾਇਦ ਭਾਰਤੀਆਂ ਖਾਸ ਕਰ ਪੰਜਾਬੀ ਪਰਿਵਾਰਾਂ ਲਈ ਨਵੀਂ ਨਾ ਹੋਵੇ ਕਿ ਜੇਕਰ ਕੁੜੀ ਨੇ ਆਈਲੈਟਸ ਕੀਤੀ ਹੈ ਤੇ ਮੁੰਡੇ ਨੇ ਭਾਵੇਂ ਨਹੀਂ ਪਰ ਉਹ ਉਸ ਕੁੜੀ ਨੂੰ ਬਾਹਰ ਭੇਜਣ ਵਾਸਤੇ ਸਾਰਾ ਖਰਚਾ ਲਗਪਗ 30 ਤੋਂ 35 ਹਜ਼ਾਰ ਡਾਲਰ ਖੁਦ ਮੁੰਡਾ ਜਾਂ ਮੁੰਡੇ ਦੇ ਘਰਵਾਲੇ ਕਰਦੇ ਹਨ। ਉਹ ਸ਼ਾਦੀ ਕਿਸੇ ਨੂੰ ਖੁਸ਼ੀ ਦੇਵੇ ਜਾਂ ਨਾ ਦੇਵੇ ਇਸ ਦਾ ਫਿਕਰ ਨਹੀਂ ਕੀਤਾ ਜਾਂਦਾ ਸਿਰਫ ਤੇ ਸਿਰਫ ਫਿਕਰ ਇਹ ਹੁੰਦਾ ਹੈ ਕਿ ਸਹੁਰੇ ਪਰਿਵਾਰ ਦਾ ਮੁੰਡਾ ਅਸਮਾਨੀ ਚੜ੍ਹ ਵਿਦੇਸ਼ ਕਦੋਂ ਪਹੁੰਚਦਾ ਹੈ।? ਇਹ ਮੁੰਡਾ ਜੇਕਰ ਨਸ਼ਈ ਜਾਂ ਮਤਲਬੀ ਨਿਕਲ ਆਵੇ ਤਾਂ ਅਸਲ ਸ਼ਾਦੀ ਦੇ ਰੂਪ ਵਿਚ ਇਸਨੂੰ ਦੇਖਦੀ ਕੁੜੀ ਦੀ ਕਿਸਮਤ ਰੁੜਨ ਲੱਗਿਆ ਕਿਸੇ ਢਲਾਨ ਦੀ ਉਡੀਕ ਨਹੀਂ ਕਰਦੀ।
ਅੱਜ ਰਾਸ਼ਟਰੀ ਮੀਡੀਆ ਨੇ ਖੁਸ਼ੀ ਨਾਂਅ ਦੀ (ਕਾਲਪਨਿਕ ਨਾਂਅ) ਇਕ ਕੁੜੀ ਦੀ ਇੰਟਰਵਿਊ ਪ੍ਰਕਾਸ਼ਿਤ ਕੀਤੀ ਹੈ ਅਤੇ ਆਡੀਓ ਜਾਰੀ ਕੀਤੀ ਹੈ ਜਿਸ ਨੂੰ ਸੁਣ ਕੇ ਲਗਦਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਵੀ ਚੱਪਣਾ ਦੀ ਫੈਕਟਰੀ ਹੋਣੀ ਚਾਹੀਦੀ ਹੈ, ਤਾਂ ਕਿ ਘੱਟੋ-ਘੱਟ ਸਿਆਣੇ ਬੰਦੇ ਕਹਾਵਤ ਤਾਂ ਵਰਤ ਸਕਣ। ਭਾਵੇਂ ਸੈਂਕੜੇ ਕੁੜੀਆਂ ਇਸੇ ਹਲਾਤ ਦੇ ਵਿਚੋਂ ਗੁਜ਼ਰ ਰਹੀਆਂ ਹੋਣ ਪਰ ਹੁਣ 'ਖੁਸ਼ੀ' ਨੇ ਦੁਖੀ ਹੋ ਕੇ ਪੂਰਾ ਖੁਲਾਸਾ ਕਰ ਦਿੱਤਾ ਹੈ। ਉਸਨੇ ਕਿਹਾ ਕਿ ਪੜ੍ਹੀਆਂ ਲਿਖੀਆਂ ਕੁੜੀਆਂ ਦੇ ਸਹਾਰੇ ਅਮੀਰ ਮੁੰਡਿਆਂ ਦੇ ਮੰਡਪ ਥੱਲੇ ਆਈਆਂ ਕੁੜੀਆਂ ਗੁਲਾਮੀ ਦੀ ਛਾਂ ਥੱਲੇ ਦੱਬਦੀਆਂ ਜਾ ਰਹੀਆਂ ਹਨ। 'ਆਈਲੈਟਸ' ਦੀ ਪੜ੍ਹਾਈ ਜਾਂ ਇੰਗਲਿਸ਼ ਬੋਲਣ-ਸਮਝਣ ਦੀ ਸਮਰੱਥਾ ਨੇ ਇਨ੍ਹਾਂ ਕੁੜੀਆਂ ਨੂੰ 'ਆਈਲੈਟਸ ਬ੍ਰਾਈਡ' (ਆਈਲੈਟਸ ਬਹੂ) ਦੀ ਸ਼੍ਰੇਣੀ ਵਿਚ ਆ ਖੜ੍ਹਾ ਕੀਤਾ ਹੈ। ਅਮੀਰ ਪਰਿਵਾਰਾਂ ਦੇ ਮੁੰਡੇ ਇਨ੍ਹਾਂ ਕੁੜੀਆਂ ਦੀ ਆਈਲੈਟਸ ਪੌੜੀ ਦੇ ਡੰਡੇ ਫੜ ਵਿਦੇਸ਼ੀ ਜਹਾਜਾਂ ਦਾ ਸੁਪਨਾ ਵੇਖਦੇ ਹਨ। ਕਈ ਜਗ੍ਹਾ ਪਿਆਰ ਵਿਆਹ ਹਨ ਅਤੇ ਕਈ ਥਾਂ ਰਿਸ਼ਤੇਦਾਰੀ ਸਬੰਧਾਂ ਦੇ ਚਲਦਿਆਂ ਹੋਏ ਵਿਆਹ ਹੋਏ ਹਨ। ਦੋਹਾਂ ਹਲਾਤਾਂ ਦੇ ਵਿਚ ਕਿਤੇ ਨਾ ਕਿਤੇ ਕੁੜੀਆਂ ਜਿਆਦਾ ਸ਼ਿਕਾਰ ਹੋ ਰਹੀਆਂ ਪਰ ਅਜਿਹੇ ਕੇਸ ਵੀ ਹਨ ਜਿੱਥੇ ਪੜ੍ਹੀਆਂ-ਲਿਖੀਆਂ ਕੁੜੀਆਂ ਨੇ ਮੁੰਡਿਆਂ ਨੂੰ ਵੀ ਪੂਰਾ ਟੰਗਿਆ ਹੋਇਆ ਹੈ। ਇਸ ਪੰਜਾਬੀ ਕੁੜੀ ਨੇ ਆਪਣੀ ਇੰਟਰਵਿਊ ਦੇ ਵਿਚ ਪੰਜਾਬੀ ਪਰਿਵਾਰਾਂ ਦੀ ਆਮ ਕਹਾਣੀ ਵੀ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਵਿਆਹ ਇਕ ਤਰ੍ਹਾਂ ਨਾਲ ਪਵਿੱਤਰ ਰਿਸ਼ਤਾ ਕਾਇਮ ਕਰਨ ਦਾ ਰਸਮੀ ਐਲਾਨ ਨਾ ਹੋ ਕੇ ਰਸਮੀ ਵਪਾਰ ਹੋ ਗਿਆ ਹੈ। ਇਸ ਕੁੜੀ ਨੂੰ ਇਮੀਗ੍ਰੇਸ਼ਨ ਨੇ ਕਹਿ ਦਿੱਤਾ ਹੈ ਕਿ ਤੇਰੇ ਵਿਆਹ ਉਤੇ ਤਾਂ ਯਕੀਨ ਹੈ ਪਰ ਉਸਦੇ ਜੋ ਕਾਗਜ਼ਾਤ ਹਨ ਉਨ੍ਹਾਂ ਵਿਚ ਕੁਝ ਜਾਅਲੀ ਹਨ। ਇਹ ਸਾਰੇ ਕਾਗਜ਼ਾਤ ਸਹੁਰੇ ਪਰਿਵਾਰ ਨੇ ਹੀ ਲਗਾ ਦਿਤੇ ਸਨ ਕਿਉਂਕਿ ਸਾਰਾ ਕੰਟਰੋਲ ਉਸਦੇ ਸਹੁਰੇ ਪਰਿਵਾਰ ਦਾ ਸੀ। ਹੁਣ ਇਸ ਕੁੜੀ ਨੂੰ ਵਾਪਿਸ ਪਰਤਣ ਲਈ ਕਿਹਾ ਗਿਆ ਹੈ। ਹੁਣ ਤੱਕ ਇਮੀਗ੍ਰੇਸ਼ਨ ਕੋਲ ਪਿਛਲੇ ਸਾਢੇ ਸੱਤਾਂ ਸਾਲਾਂ ਵਿਚ 1300 ਨਕਲੀ ਵਿਆਹਾਂ ਦੇ ਕੇਸ ਵੀ ਦਰਜ ਹੋ ਚੁਕੇ ਹਨ ਤੇ ਉਹ ਵੀ ਸਖਤੀ ਲਈ ਆਪਣੀ ਜਗ੍ਹਾ ਸੱਚੇ ਹਨ। ਇਸ ਕੁੜੀ ਨੇ ਇਹ ਕਹਿ ਦਿੱਤਾ ਹੈ ਕਿ ਜੇਕਰ ਉਹ ਵਾਪਿਸ ਜਾਵੇਗੀ ਤਾਂ ਉਸਨੂੰ ਡਰ ਹੈ ਕਿ ਉਸਦੇ ਸਹੁਰੇ ਉਸਨੂੰ ਮਾਰ ਦੇਣਗੇ ਕਿਉਂਕਿ ਉਨ੍ਹਾਂ ਨੇ ਉਸਨੂੰ ਬਾਹਰ ਭੇਜਣ ਦਾ ਸਾਰਾ ਖਰਚਾ ਕੀਤਾ ਸੀ। ਉਸਦੇ ਸਹੁਰੇ ਇਸ ਖਰਚੇ ਬਦਲੇ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਮੁੰਡਾ ਤਾਂ ਨਿਊਜ਼ੀਲੈਂਡ ਪਹੁੰਚੇ ਹੀ ਪਹੁੰਚੇ ਪਰ ਪੱਕਾ ਵੀ ਹੋਵੇ। 2014 ਦੇ ਵਿਚ ਇਸ ਕੁੜੀ ਦਾ ਵਿਆਹ ਹੋਇਆ ਸੀ, ਪਤੀ ਨਸ਼ੇ ਕਰਦਾ ਸੀ, ਉਸਦੀ ਸੱਸ ਉਸਨੂੰ ਆਪ ਲਿਆ ਕੇ ਦਿੰਦੀ ਸੀ ਕਿਉਂਕਿ ਉਹ ਮਰਨ ਦੀ ਧਮਕੀ ਦੇ ਛੱਡਦਾ ਸੀ। ਰਾਸ਼ਟਰੀ ਮੀਡੀਆ ਉਤੇ ਇਸ ਕੁੜੀ ਦੇ ਨਿਕਲਦੇ ਅਥਰੂ ਪੂੰਝਣ ਲਈ ਇਮੀਗ੍ਰੇਸ਼ਨ ਵਿਭਾਗ ਅੱਗੇ ਆਉਂਦਾ ਹੈ ਜਾਂ ਨਹੀਂ......ਕੁੜੀ ਦੀ ਕਿਸਮਤ ਦੀਆਂ ਗੱਲਾਂ ਹਨ।