ਬਲਜੀਤ ਬੱਲੀ
ਦਿੱਲੀ ਵਿਚ ਆਈ ਏ ਐਸ ਅਫ਼ਸਰ ਦੀ ਬੇਇਜ਼ਤੀ ਬਾਰੇ ਬੋਲੇ ਪਰ ਆਪਣੀ ਵੇਲੇ ਚੁੱਪ ਨੇ ਆਈ ਏ ਐਸ ਅਫ਼ਸਰ ?
ਮਜ਼ਾਕ ਅਤੇ ਗ਼ੁੱਸੇ ਦਾ ਮੁੱਦਾ ਬਣੀ ਆਈ ਏ ਐੱਸ ਅਫ਼ਸਰਾਂ ਦੀ ਅੰਗਰੇਜ਼ੀ ਬਾਰੇ ਮਨਪ੍ਰੀਤ ਦੀ ਟਿੱਪਣੀ
ਚੰਡੀਗੜ੍ਹ , ਮਾਰਚ 12, 2018 : ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਦੇ ਆਈ ਏ ਐੱਸ ਅਫ਼ਸਰਾਂ ਨੂੰ ਅੰਗਰੇਜ਼ੀ ਨਾ ਲਿਖਣੀ ਆਉਣ ਦੀ ਕੀਤੀ ਟਿੱਪਣੀ ਮਜ਼ਾਕ ਦਾ ਪਾਤਰ ਵੀ ਬਣੀ ਹੈ ਅਤੇ ਕਾਫ਼ੀ ਆਈ ਏ ਐੱਸ ਅਫ਼ਸਰਾਂ ਦੀ ਨਾਰਾਜ਼ਗੀ ਦਾ ਵੀ .
ਸੋਮਵਾਰ ਰਾਤੀਂ ਇਹ ਸਤਰਾਂ ਲਿਖੇ ਜਾਣ ਤੱਕ ਆਈ ਏ ਐੱਸ ਅਫ਼ਸਰਾਂ ਦੀ ਐਸੋਸੀਏਸ਼ਨ ਜਾਂ ਕਿਸੇ ਮੌਜੂਦਾ ਆਈ ਏ ਐਸ ਨੇ ਜਨਤਕ ਤੌਰ ਤੇ ਖੁੱਲ੍ਹ ਕੇ ਕੋਈ ਟਿੱਪਣੀ ਨਹੀਂ ਕੀਤੀ ਔਰ ਅੰਦਰੋਂ -ਅੰਦਰੀਂ ਅਤੇ ਆਫ਼ ਦਾ ਰਿਕਾਰਡ ਤਰ੍ਹਾਂ ਤਰ੍ਹਾਂ ਦੇ ਕਮੈਂਟ ਹੋ ਰਹੇ ਨੇ .
ਇਹ ਵੀ ਪਤਾ ਲੱਗਾ ਹੈ ਕਿ ਆਈ ਏ ਐਸ ਅਫ਼ਸਰਾਂ ਦੇ ਵ੍ਹਟਸ ਐਪ ਗਰੁੱਪ ਵਿਚ ਮਨਪ੍ਰੀਤ ਦੇ ਕਥਨ ਤੇ ਬਹੁਤ ਤਨਜ਼ ਵੀ ਕੱਸੇ ਜਾ ਰਹੇ ਨੇ . ਇਹ ਮਜ਼ਾਕੀਆ ਸਵਾਲ ਬਹੁਤ ਹੋਇਆ ਦੱਸੀਦਾ ਹੈ ਕਿ " ਇਹ ਪਤਾ ਕਰੋ ਕਿ ਉਹ ਇੱਕ-ਦੋ ਅਫ਼ਸਰ ਕਿਹੜੇ ਹਨ, ਮਨਪ੍ਰੀਤ ਮੁਤਾਬਿਕ ਜਿਨ੍ਹਾਂ ਨੂੰ ਅੰਗਰੇਜ਼ੀ ਲਿਖਣੀ ਆਉਂਦੀ ਹੈ ? "ਇਹ ਸਵਾਲ ਵੀ ਉੱਠੇ ਹਨ ਕਿ ਮਨਪ੍ਰੀਤ ਨੂੰ ਹੋ ਕੀ ਗਿਆ ਹੈ . ?
ਕੋਈ ਲਿਖ ਰਿਹਾ ਕਿ ਮੈਨੂੰ ਕੈਂਬਰਿਜ ਭੇਜੋ ਪੜ੍ਹਨ ਲਈ . ਮਜ਼ਾਕੀਆ ਟਿੱਪਣੀਆਂ ਦੇ ਬਾਵਜੂਦ ਬਹੁਤੇ ਆਈ ਏ ਐਸ ਖ਼ਜ਼ਾਨਾ ਮੰਤਰੀ ਦੇ ਇਸ ਬਿਆਨ ਤੇ ਹੈਰਾਨ ਵੀ ਹਨ , ਪ੍ਰੇਸ਼ਾਨ ਵੀ ਅਤੇ ਨਾਰਾਜ਼ ਵੀ .
ਇੱਕ ਸੀਨੀਅਰ ਅਫ਼ਸਰ ਦਾ ਕਹਿਣਾ ਸੀ ਸਾਲ ਭਰ ਦੇ ਆਪਣੇ ਕਾਰਜਕਾਲ ਦੌਰਾਨ ਮਨਪ੍ਰੀਤ ਨੇ ਕਿੰਨੇ ਕੁ ਅਫ਼ਸਰਾਂ ਦਾ ਕੰਮ ਦੇਖਿਆ ਹੋਣਾ ਹੈ -ਵੱਧ ਤੋਂ ਵਧ 8-10 ਦਾ ? ਹੋ ਸਕਦੈ ਕਿਸੇ ਇੱਕ ਦੁੱਕਾ ਅਫ਼ਸਰਾਂ ਬਾਰੇ ਉਸ ਦਾ ਮਾੜਾ ਤਜਰਬਾ ਹੋਇਆ ਹੋਵੇ ਪਰ ਪੰਜਾਬ ਕਾਡਰ ਦੇ ਸਾਰੇ ਆਈ ਐਸ ਅਫ਼ਸਰਾਂ ਨੂੰ ਇੱਕ ਰੱਸੇ ਬੰਨ੍ਹ ਕੇ , ਜਨਰਲ ਟਿੱਪਣੀ ਕਰਨੀ ਕਿਸੇ ਤਰ੍ਹਾਂ ਵੀ ਵਾਜਬ ਨਹੀਂ . ਇੱਕ ਆਲ੍ਹਾ ਅਫ਼ਸਰ ਨੇ ਮੈਨੂੰ ਮੋੜਵਾਂ ਸਵਾਲ ਕਰਦਿਆਂ ਮਨਪ੍ਰੀਤ ਦੀ ਸਿਆਣਪ ਤੇ ਹੀ ਸਵਾਲ ਖੜ੍ਹਾ ਕੀਤਾ . ਬਹੁਤੇ ਆਧਾਰ ਨੂੰ ਸਮਝ ਹੀ ਨਹੀਂ ਆ ਰਹੀ ਕਿ ਪੰਜਾਬੀ ਕਾਨਫ਼ਰੰਸ ਵਿਚ ਜਾ ਕੇ ਖ਼ਜ਼ਾਨਾ ਮੰਤਰੀ ਨੂੰ ਭਰੇ ਇਕੱਠ ਵਿਚ ਅਜਿਹਾ ਕਮੈਂਟ ਕਰਨ ਦੀ ਕੀ ਲੋੜ ਸੀ ? ਸਾਰੇ ਅਫ਼ਸਰਾਂ ਬਾਰੇ ਉਹ ਕਿਵੇਂ ਇਹ ਦਾਅਵਾ ਕਰ ਸਕਦੇ ਨੇ ਕਿ ਉਨ੍ਹਾਂ ਨੂੰ ਅੰਗਰੇਜ਼ੀ ਲਿਖਣੀ ਨਹੀਂ ਆਉਂਦੀ .ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਅਫ਼ਸਰ ਤਾਂ ਕੇਂਦਰ ਸਰਕਾਰ ਵਿਚ ਡੈਪੂਟੇਸ਼ਨ ਤੇ ਬਹੁਤ ਅਹਿਮ ਅਹੁਦਿਆਂ ਤੇ ਵੀ ਰਹਿ ਕੇ ਆਏ ਹਨ .ਨਚੋੜ ਇਹ ਹੈ ਕਿ ਬਹੁਤੇ ਆਈ ਐਸ ਅਫ਼ਸਰ ਜਨਤਕ ਤੌਰ ਤੇ ਚੁੱਪ ਹਨ ਪਰ ਅੰਦਰੋਂ ਉਹ ਬੇਇੱਜ਼ਤੀ ਮਹਿਸੂਸ ਕਰ ਰਹੇ ਹਨ।
ਆਈ ਏ ਐਸ ਅਫ਼ਸਰਾਂ ਦੀ ਐਸੋਸੀਏਸ਼ਨ ਦੇ ਮੁਖੀ ਕੇ ਬੀ ਐਸ ਨੇ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਸਵਾਲ ਇਹ ਵੀ ਹੈ ਕਿ ਕੀ ਉਹ ਇਹ ਚੁੱਪ ਕਾਇਮ ਰੱਖ ਸਕਣਗੇ ? ਜਦੋਂ ਦਿੱਲੀ ਦੇ ਮੁੱਖ ਸਕੱਤਰ ਨਾਲ ਹੱਥੋਪਾਈ ਹੋਈ ਅਤੇ ਉਸਦੀ ਬੇਇੱਜ਼ਤੀ ਹੋਈ ਸੀ ਤਾਂ ਪੰਜਾਬ ਆਈ ਏ ਐਸ ਅਫ਼ਸਰ ਐਸੋਸੀਏਸ਼ਨ ਨੇ ਬਹੁਤ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਸੀ .ਤੇ ਹੁਣ ਜੇਕਰ ਉਹ ਆਪਣੀ ਹੱਤਕ ਮਹਿਸੂਸ ਕਰਦੇ ਹਨ ਤਾਂ ਪ੍ਰਤੀਕਰਮ ਕਿਉਂ ਨਹੀਂ ?
ਇਹ ਵੀ ਹਕੀਕਤ ਹੈ ਕਿ ਆਈ ਏ ਐਸ ਅਫਸਰਾਂ ਤੇ ਕਿਸੇ ਨਾ ਕਿਸੇ ਕਾਰਨ ਔਖੇ ਲੋਕਾਂ ਜਾਂ ਦੁਖੀ ਲੋਕਾਂ ਨੇ ਮਨਪ੍ਰੀਤ ਦੀ ਇਸ ਟਿੱਪਣੀ ਦਾ ਅਨੰਦ ਵੀ ਮਾਣਿਆ ਅਤੇ ਸੁਆਦ ਲੈ -ਲੈ ਅੱਗੇ ਲੋਕਾਂ ਨੂੰ ਇਹ ਖ਼ਬਰ ਸ਼ੇਅਰ ਵੀ ਕਰਦੇ ਰਹੇ .
https://www.facebook.com/BabushahiDotCom/videos/911792862323764/?t=11