ਪਟਿਆਲਾ, 17 ਫਰਵਰੀ 2018:
ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਪੀ.ਆਰ.ਟੀ.ਸੀ. ਵੱਲੋਂ ਆਪਣੀਆਂ ਨਵੀਆਂ ਆ ਰਹੀਆਂ 100 ਬੱਸਾਂ ਵਿੱਚ ਤੇਲ ਦੀ ਖਪਤ 'ਤੇ ਨਜ਼ਰ ਰੱਖਣ ਲਈ ਨਵੀਂ ਤਕਨੀਕ ਦੀ ਵਰਤੋਂ ਕਰਕੇ ਲਾਏ ਜਾ ਰਹੇ ਜੀ.ਪੀ.ਐਸ. ਪ੍ਰਣਾਲੀ ਵਾਲੇ ਯੰਤਰ ਦੇ ਕੰਟਰੋਲ ਰੂਮ ਦਾ ਮੁਆਇਨਾ ਕੀਤਾ। ਜੀ.ਪੀ.ਐਸ. ਪ੍ਰਣਾਲੀ ਨੂੰ ਨਿਯੰਤਰਣ ਕਰਨ ਲਈ ਮੈਸਰਜ ਹਾਈ-ਟੈਕ ਪੁਆਇੰਟ ਟੈਕਨਾਲੋਜੀਜ ਪ੍ਰਾਈਵੇਟ ਲਿਮਟਿਡ (ਬਲੈਕ ਬਾਕਸ) ਕੰਪਨੀ ਵਲੋਂ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਸਥਾਪਿਤ ਕੀਤੇ ਜਾ ਰਹੇ ਕੰਟਰੋਲ ਰੂਮ ਦਾ ਮੁਆਇਨਾ ਕਰਨ ਮੌਕੇ ਸ੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਯੰਤਰਾਂ ਨੂੰ ਪੀ.ਆਰ.ਟੀ.ਸੀ. ਦੇ ਬੱਸ ਅੱਡਿਆਂ 'ਤੇ ਪਹਿਲਾਂ ਹੀ ਲੱਗੀ ਹੋਈ ਲੋਕਾਂ ਨੂੰ ਸੂਚਨਾ ਦੇਣ ਵਾਲੀ ਪੀ.ਆਈ.ਐਸ ਪ੍ਰਣਾਲੀ ਨਾਲ ਜੀ.ਪੀ.ਐਸ. ਜਰੀਏ ਜੋੜਿਆ ਜਾਵੇਗਾ ਅਤੇ ਇਸ ਨਾਲ ਬੱਸਾਂ ਦੀ ਅਸਲੀ ਸਥਿਤੀ ਦਾ ਪਤਾ ਲੱਗ ਸਕੇਗੀ।
ਇਸ ਮੌਕੇ ਜਨਰਲ ਮੈਨੇਜਰ (ਓਪਰੇਸ਼ਨ/ਕੰਪਿਊਟਰ/ਪੀ.ਆਰ.ਓ.) ਸ੍ਰੀ ਆਰ.ਐਸ. ਔਲਖ ਨੇ ਇਸ ਸਿਸਟਮ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਅਤੇ ਐਮ. ਡੀ. ਸ. ਮਨਜੀਤ ਸਿੰਘ ਨਾਰੰਗ ਦੀ ਰਹਿਨੁਮਾਈ ਹੇਠ ਪੀ.ਆਰ.ਟੀ.ਸੀ. ਵੱਲੋਂ ਆਪਣੀਆਂ 100 ਨਵੀਆਂ ਬੱਸਾਂ ਵਿੱਚੋਂ ਪਹਿਲੀਆਂ 50 ਬੱਸਾਂ ਵਿੱਚ ਇਹ ਸਿਸਟਮ ਲੱਗਾਇਆ ਜਾ ਚੁੱਕਾ ਹੈ ਅਤੇ ਇਹ ਬੱਸਾਂ ਪੀ.ਆਰ.ਟੀ.ਸੀ. ਦੇ ਵੱਖ-ਵੱਖ ਰੂਟਾਂ ਤੇ ਚੱਲ ਰਹੀਆਂ ਹਨ ਅਤੇ ਬਾਕੀ ਬਣ ਰਹੀਆਂ 50 ਬੱਸਾਂ ਵਿੱਚ ਇਹ ਸਿਸਟਮ ਇਸੇ ਮਹੀਨੇ ਵਿੱਚ ਲਗਾ ਦਿੱਤਾ ਜਾਵੇਗਾ।
ਇਸ ਦੌਰਾਨ ਸ੍ਰੀ ਸ਼ਰਮਾ ਨੇ ਦੱਸਿਆ ਕਿ ਪੀ.ਆਰ.ਟੀ.ਸੀ ਵੱਲੋਂ ਕਿਲੋਮੀਟਰ ਸਕੀਮ ਅਧੀਨ ਸਾਲ 2017 ਵਿੱਚ ਪਾਈਆਂ ਗਈਆਂ 143 ਬੱਸਾਂ ਵਿੱਚ ਇਹ ਸਿਸਟਮ ਫਿੱਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਸਟਮ ਲਗਾਉਣ ਨਾਲ ਪੀ.ਆਰ.ਟੀ.ਸੀ. ਨੂੰ ਇਨ੍ਹਾਂ ਨਵੀਆਂ ਬੱਸਾਂ ਅਤੇ ਕਿਲੋਮੀਟਰ ਸਕੀਮ ਅਧੀਨ ਚੱਲ ਰਹੀਆਂ ਬੱਸਾਂ ਦੀ ਅਸਲ ਸਥਿਤੀ, ਰੂਟ ਬਦਲਾਅ ਅਤੇ ਤੇਲ ਦੀ ਅਸਲ ਖਪਤ/ਤੇਲ ਦੇ ਪੱਧਰ ਵਿੱਚ ਅਚਾਨਕ ਗਿਰਾਵਟ ਆਉਣ ਆਦਿ ਸਬੰਧੀ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਤੇਲ ਚੋਰੀ ਦੇ ਕੇਸਾਂ ਨੂੰ ਨੱਥ ਪਾਉਣ ਵਿੱਚ ਸਹਾਇਤਾ ਮਿਲੇਗੀ ਅਤੇ ਉਮੀਦ ਹੈ ਕਿ ਇਸ ਨਾਲ ਪੀ.ਆਰ.ਟੀ.ਸੀ. ਨੂੰ ਤੇਲ ਦੀ ਖਪਤ ਘਟਾਉਣ ਵਿੱਚ ਵੀ ਵੱਡੀ ਮੱਦਦ ਮਿਲੇਗੀ।
ਇਸ ਦੌਰਾਨ ਜਨਰਲ ਮੈਨੇਜਰ (ਪ੍ਰਸ਼ਾਸ਼ਨ) ਸ੍ਰੀ ਮਨਿੰਦਰਜੀਤ ਸਿੰਘ ਸਿੱਧੂ, ਕਾਰਜਕਾਰੀ ਇੰਜੀਨੀਅਰ ਸ੍ਰੀ ਜਤਿੰਦਰਪਾਲ ਸਿੰਘ, ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਸ੍ਰੀ ਪ੍ਰੇਮ ਲਾਲ, ਭਾਗ ਅਫ਼ਸਰ ਸ੍ਰੀ ਮੋਹਨ ਲਾਲ ਅਤੇ ਕੰਪਨੀ ਦਾ ਨੁਮਾਇੰਦਾ ਸ੍ਰੀ ਹਰਮੀਤ ਸਿੰਘ ਵੀ ਹਾਜਰ ਸਨ।