ਜੀ ਐੱਸ ਪੰਨੂ
ਪਟਿਆਲਾ, 19 ਜਨਵਰੀ 2018
ਪਟਿਆਲਾ ਵਿਖੇ ਪੰਜਾਬ ਦੀ ਪਹਿਲੀ ਸਰਕਾਰੀ ਹਾਈਟੈਕ ਮਾਡਲ ਫਰੂਟ ਨਰਸਰੀ ਸ਼ੁਰੂ ਹੋ ਗਈ ,ਬਾਰਾਂਦਰੀ ਬਾਗ ਵਿਖੇ ਪੌਣੇ ਪੰਜ ਏਕੜ ਰਕਬੇ ਵਿਚ ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਕੌਮੀ ਬਾਗਬਾਨੀ ਮਿਸ਼ਨ ਤਹਿਤ ਤਿਆਰ ਹੋਏ ਇਸ ਪ੍ਰਾਜੈਕਟ ਨੂੰ ਪੰਜਾਬ ਦੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਸੂਬੇ ਦੇ ਕਿਸਾਨਾਂ ਲਈ ਫ਼ਸਲੀ ਵਿਭਿੰਨਤਾ , ਆਮਦਨ ਵਧਾਉਣ ਲਈ ਅਤੇ ਵਧੀਆ ਨਸਲ ਦੇ ਬਿਮਾਰੀ ਰਹਿਤ ਫ਼ਲਦਾਰ ਬੂਟੇ ਪ੍ਰਦਾਨ ਕਰਨ ਕਰਤੇ ਸਮਰਪਿਤ ਕੀਤਾ। ਡਾ. ਔਲਖ ਨੇ ਦੱਸਿਆ ਕਿ ਇਥੇ ਦੇਸੀ ਜੜੀ ਬੂਟੀਆਂ ਦੀ ਇੱਕ ਬਗੀਚੀ ਸਮੇਤ ਫ਼ਲਾਂ ਦੀ ਪੌਸਟਿਕ ਬਗੀਚੀ ਵੀ ਬਣਾਈ ਗਈ ਹੈ, ਜਿਸ ਵਿਚ ਬੂਟਿਆਂ ਦੀ ਪੌਸ਼ਟਿਕ ਗੁਣਵੱਤਾ ਅਤੇ ਦਵਾਈਆਂ ਵਾਲੇ ਗੁਣਾਂ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਅਤੇ ਬੂਟੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਹੋਣਗੇ।
ਬਾਗਬਾਨੀ ਡਾਇਰੈਕਟਰ ਡਾ. ਔਲਖ ਨੇ ਦੱਸਿਆ ਕਿ ਉਂਜ ਭਾਵੇਂ ਬਾਗਬਾਨੀ ਵਿਭਾਗ ਦੇ ਸੈਂਟਰ ਫਾਰ ਐਕਸੀਲੈਂਸ ਸਮੇਤ 23 ਹੋਰ ਨਰਸਰੀਆਂ ਵੀ ਹਨ ਪਰੰਤੂ ਇਹ ਮਿਸ਼ਨ ਦੇ ਸਲਾਹਕਾਰ ਡਾ. ਸੁਭਾਸ਼ ਚੰਦਰ ਖੁਰਾਣਾ ਦੀ ਦੇਖ ਰੇਖ ਹੇਠ ਤਿਆਰ ਕੀਤੀ ਗਈ ਆਪਣੀ ਕਿਸਮ ਦੀ ਪਹਿਲੀ ਸਰਕਾਰੀ ਨਰਸਰੀ ਹੈ ਅਤੇ ਇਸੇ ਤਰਾਂ ਦੀ ਇਕ ਹੋਰ ਹਾਈ ਟੈਕ ਮਾਡਲ ਨਰਸਰੀ ਜਲੰਧਰ ਵਿਖੇ ਵੀ ਕਿਸਾਨਾਂ ਦੇ ਸਮਰਪਿਤ ਕਰਨ ਲਈ ਤਿਆਰ ਹੈ। ਉਨਾਂ ਦੱਸਿਆ ਕਿ ਇਸ ਵਰੇ ਪੱਥਰ ਨਾਗ (ਨਾਸ਼ਪਤੀ) ਦੇ ਬੂਟਿਆਂ ਦੀ ਮੰਗ ਪੂਰੀ ਨਹੀਂ ਸੀ ਹੋ ਸਕੀ ਇਸ ਲਈ ਬਾਗਬਾਨੀ ਵਿਭਾਗ ਅਜਿਹੀਆਂ ਨਰਸਰੀਆਂ 'ਚ ਬਿਮਾਰੀ ਰਹਿਤ ਪੌਲੀਬੈਗ 'ਚ ਲਾਏ ਕਰੀਬ 3 ਲੱਖ ਬੂਟੇ ਤਿਆਰ ਕਰ ਰਿਹਾ ਹੈ।
ਡਾ. ਔਲਖ ਨੇ ਦੱਸਿਆ ਕਿ ਇਥੇ ਪਿਓਂਦੀ ਅੰਬ ਸਮੇਤ ਅਮਰੂਦ, ਨਿੰਬੂ, ਕਿੰਨੂ, ਮਾਲਟਾ, ਅੰਜੀਰ, ਆਂਵਲਾ, ਜਾਮਣ, ਬਿੱਲ, ਅਨਾਰ, ਕਠਹਲ, ਕਰੌਂਦਾ ਦੇ ਸਾਲਾਨਾ 30 ਹਜਾਰ ਬੂਟੇ ਤਿਆਰ ਕਰਕੇ ਪੂਰੇ ਰਾਜ ਦੇ ਵੱਖ-ਵੱਖ ਇਲਾਕਿਆ, ਮਾਲਵਾ ਬੈਲਟ, ਚੰਡੀਗੜ ਤੋਂ ਅਬੋਹਰ ਤੱਕ ਅਤੇ ਨੀਮ ਪਹਾੜੀ ਇਲਾਕੇ, ਰਾਜਸਥਾਨ ਦੀ ਹੱਦ ਨਾਲ ਲੱਗਦੇ ਇਲਾਕਿਆਂ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇਥੇ ਨੈਟ ਹਾਊਸ, ਸਕਰੀਨ ਹਾਊਸ, ਸ਼ੈਡ ਨੈਟ ਅਤੇ ਸਾਰੀ ਨਰਸਰੀ ਦੁਆਲੇ ਕੰਡਿਆਲੀ ਤਾਰ ਲਾਈ ਗਈ ਹੈ। ਇਸ ਮੌਕੇ ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿਸਾਨ ਬਾਗਬਾਨੀ ਲਈ ਸਿਖਲਾਈ ਲੈਕੇ ਕੰਮ ਕਰਨ ਆਪਣੀ ਆਮਦਨ ਦੁੱਗਣੀ ਕਰਨ ਪਰੰਤੂ ਵਿਭਾਗ ਦੀ ਸਰਟੀਫਾਈਡ ਨਰਸਰੀ ਤੋਂ ਹੀ ਬਿਮਾਰੀ ਰਹਿਤ ਬੂਟੇ ਪ੍ਰਾਪਤ ਕਰਨ ਜਿਸ ਲਈ ਮਾਰਕੀਟਿੰਗ ਵਿੰਗ ਸਥਾਪਤ ਕੀਤਾ ਜਾ ਰਿਹਾ ਹੈ ਤੇ 91 ਆਸਾਮੀਆਂ ਭਰਨ ਲਈ ਪ੍ਰਵਾਨਗੀ ਲਈ ਭੇਜੀਆਂ ਹਨ ਤੇ 170 ਅਸਾਮੀਆਂ ਬੇਲਦਾਰਾਂ ਦੀਆਂ ਵੀ ਭਰਨ ਦੀ ਪ੍ਰਵਾਨਗੀ ਮੰਗੀ ਗਈ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਇਥੇ 1.25 ਕਨਾਲ 'ਚ ਹਰਬਲ ਬਗੀਚੀ ਬਣੀ ਹੈ, ਜਿਸ 'ਚ ਤਿੰਨ ਦਰਜਨ ਤੋਂ ਵਧ ਜੜੀ ਬੂਟੀਆਂ ਵਾਲੇ ਬੂਟੇ ਤੇ 1.25 ਕਨਾਲ 'ਚ ਪੌਸ਼ਟਿਕ ਫ਼ਲਾਂ ਦੀ ਬਗੀਚੀ, ਜਿਸ ਵਿੱਚ 21 ਤਰਾਂ ਦੇ ਫ਼ਲਦਾਰ ਬੂਟੇ ਲਾਏ ਜਾਂ ਰਹੇ ਹਨ, ਜੋ ਕਿ ਇਕ ਔਸਤ ਪਰਿਵਾਰ ਨੂੰ ਸਾਰਾ ਸਾਲ ਪੌਸ਼ਟਿਕ ਫ਼ਲ ਮੁਹੱਈਆ ਕਰਵਾ ਸਕਦੀ ਹੈ, ਵੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਹਾਈਟੈਕ ਮਾਡਲ ਨਰਸਰੀ 'ਚ ਇਕੱਲੇ-ਇਕੱਲੇ ਬੂਟੇ ਨੂੰ ਖਾਦ ਤੇ ਪਾਣੀ ਵੱਖੋ-ਵੱਖ ਲੱਗਦਾ ਹੈ, ਜਿਸ ਨਾਲ ਪਾਣੀ ਦੀ ਦਰਵਰਤੋਂ ਨਹੀਂ ਹੁੰਦੀ। ਨਰਸਰੀ ਦੇ ਉਦਘਾਟਨ ਮੌਕੇ ਬਾਗਬਾਨੀ ਦੇ ਸੰਯੁਕਤ ਡਾਇਰੈਕਟਰ ਡਾ. ਗੁਰਕੇਵਲ ਸਿੰਘ, ਡਿਪਟੀ ਡਾਇਰੈਕਟਰ ਡਾ. ਗੁਲਾਬ ਸਿੰਘ ਗਿੱਲ, ਡਾ. ਕਰਨੈਲ ਸਿੰਘ, ਹਾਈਟੈਕ ਮਾਡਲ ਨਰਸਰੀ ਦੇ ਇੰਚਾਰਜ ਹਰਿੰਦਰਪਾਲ ਸਿੰਘ ਸਮੇਤ ਡਾ. ਕੁਲਵਿੰਦਰ ਸਿੰਘ ਤੇ ਬਾਗਬਾਨੀ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।