ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਖਟਕੜ ਕਲਾਂ ਆਮਦ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
ਸਹੀਦ ਭਗਤ ਸਿੰਘ ਨਗਰ 04 ਜਨਵਰੀ 2018: ਸੈਰ ਸਪਾਟਾ, ਸਭਿਆਚਾਰਕ ਮਾਮਲਿਆਂ, ਅਜਾਇਬ ਘਰ ਤੇ ਪੁਰਾਤਤਵ ਵਿਭਾਗ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਿਨਟ ਮੰਤਰੀ ਸ. ਨਵਜੋਤ ਸਿੰਘ ਸਿੱਧੂ 5 ਜਨਵਰੀ ਨੂੰ ਸਵੇਰੇ 11 ਵਜੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਮਿਊਜ਼ੀਅਮ ਦੇ ਵਿਸਤਾਰ ਕਾਰਜਾਂ ਦਾ ਜਾਇਜ਼ਾ ਲੈਣ ਪੁੱਜਣਗੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਕੈਬਿਨਟ ਮੰਤਰੀ ਸ੍ਰੀ ਸਿੱਧੂ ਨਾਲ ਭਲਕੇ ਸਭਿਆਚਾਰਕ ਮਾਮਲਿਆਂ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਨਾਲ ਸਬੰਧਤ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ ਅਤੇ ਮਿਊਜ਼ੀਅਮ ਦੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਲੋੜੀਂਦੇ ਫੈਸਲੇ ਮੌਕੇ 'ਤੇ ਹੀ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ ਕੈਬਿਨਟ ਮੰਤਰੀ ਵੱਲੋਂ ਮਿਊਜ਼ੀਅਮ ਦੀ ਉਸਾਰੀ ਨੂੰ ਮੁਕੰਮਲ ਕਰਨ ਵਾਸਤੇ ਲੋੜੀਂਦੇ ਫੰਡਾਂ ਦੀ ਪੂਰਤੀ ਲਈ ਕਲ੍ਹ ਅਹਿਮ ਐਲਾਨ ਵੀ ਕੀਤਾ ਜਾਵੇਗਾ ਤਾਂ ਜੋ ਇਸ ਮਿਊਜ਼ੀਅਮ ਨੂੰ 23 ਮਾਰਚ 2018 ਤੱਕ ਮੁਕੰਮਲ ਕਰ ਕੇ ਲੋਕ ਅਰਪਣ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਵੱਲੋਂ ਅੱਜ ਏ.ਡੀ.ਸੀ. (ਜ) ਰਣਜੀਤ ਕੌਰ, ਐਸ.ਡੀ.ਐਮ. ਨਵਾਂਸ਼ਹਿਰ ਤੇ ਬੰਗਾ ਅਦਿਤਿਆ ਉੱਪਲ, ਸਹਾਇਕ ਕਮਿਸ਼ਨਰ (ਜ) ਅਨਮਜੋਤ ਕੌਰ, ਮਾਰਕਫ਼ੈਡ, ਨਗਰ ਕੌਂਸਲ ਨਵਾਂਸ਼ਹਿਰ ਅਤੇ ਬੰਗਾ, ਬੀ.ਡੀ.ਪੀ.ਓ. ਬੰਗਾ, ਨਾਇਬ ਤਹਿਸੀਲਦਾਰ ਬੰਗਾ ਨਾਲ ਮੀਟਿੰਗ ਕਰਕੇ, ਮਿਊਜ਼ੀਅਮ ਦੇ ਚੱਲ ਰਹੇ ਅੰਦਰੂਨੀ ਕਾਰਜਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਵੱਖ-ਵੱਖ ਪੜਾਵਾਂ 'ਤੇ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਲਈ ਗਈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕਲ੍ਹ ਕੈਬਿਨਟ ਮੰਤਰੀ ਸ. ਸਿੱਧੂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਅਗਲੇ ਆਦੇਸ਼ ਪ੍ਰਾਪਤ ਕੀਤੇ ਜਾਣਗੇ।