ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ 69ਵੇਂ ਗਣਤੰਤਰ ਦਿਵਸ ਮੌਕੇ ਕੀਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਰੂਪ-ਰੇਖਾ ਉਲੀਕਣ ਲਈ ਮੀਟਿੰਗ ਕਰਦੇ ਹੋਏ।
ਸਹੀਦ ਭਗਤ ਸਿੰਘ ਨਗਰ 03 ਜਨਵਰੀ 2018: ਦੇਸ਼ ਦੇ 69ਵੇਂ ਗਣਤੰਤਰ ਦਿਹਾੜੇ 'ਤੇ ਜ਼ਿਲ੍ਹਾ ਪੱਧਰੀ ਸਮਾਗਮ 26 ਜਨਵਰੀ ਨੂੰ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਵਿਖੇ ਹੋਵੇਗਾ ਜਦਕਿ ਸਬ ਡਵੀਜ਼ਨ ਪੱਧਰੀ ਸਮਾਗਮ ਬੰਗਾ ਅਤੇ ਬਲਾਚੌਰ ਵਿਖੇ ਕੀਤੇ ਜਾਣਗੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਅੱਜ ਇੱਥੇ ਵੱਖ-ਵੱਖ ਵਿਭਾਗਾਂ ਨੂੰ ਸਮਾਗਮ ਦੀ ਤਿਆਰੀ ਲਈ ਜ਼ਿੰਮੇਂਵਾਰੀਆਂ ਸੌਂਪਣ ਲਈ ਸੱਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਨੇ ਈ.ਓ. ਨਗਰ ਕੌਂਸਲ ਨਵਾਂਸ਼ਹਿਰ ਨੂੰ ਆਈ.ਟੀ.ਆਈ. ਸਟੇਡੀਅਮ ਦੀ ਸੁਚੱਜੇ ਢੰਗ ਨਾਲ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ। ਸਹਾਇਕ ਸਿਖਿਆ ਅਫ਼ਸਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਹੇਠ ਬਣੀ ਸਭਿਆਚਾਰਕ ਪ੍ਰੋਗਰਾਮ ਕਮੇਟੀ ਨਾਲ ਤਾਲਮੇਲ ਕਰਕੇ, ਨਿਰੋਲ ਦੇਸ਼ਭਗਤੀ ਦੇ ਜ਼ਜ਼ਬੇ ਵਾਲੇ ਗੀਤਾਂ 'ਤੇ ਅਧਾਰਿਤ ਐਕਸ਼ਨ ਗੀਤ ਤੇ ਕੋਰੀਓਗ੍ਰਾਫ਼ੀਆਂ ਤਿਆਰ ਕਰਵਾਉਣ ਲਈ ਆਖਿਆ ਗਿਆ।
ਆਈ.ਟੀ.ਆਈ. ਸਟੇਡੀਅਮ ਨਵਾਂਸ਼ਹਿਰ ਵਿਖੇ ਮੁਢਲੀਆਂ ਰੀਹਰਸਲਾਂ ਵਿੱਚੋਂ ਚੁਣੀਆਂ ਗਈਆਂ ਸਭਿਆਚਾਰਕ ਵੰਨਗੀਆਂ ਦੀ 22 ਨੂੰ ਫ਼ਾਈਨਲ ਰੀਹਰਸਲ ਅਤੇ 24 ਨੂੰ ਫੁੱਲ ਡਰੈੱਸ ਰੀਹਰਸਲ ਕਰਵਾਉਣ ਲਈ ਕਿਹਾ ਗਿਆ। ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੂੰ ਰੀਹਰਸਲਾਂ ਅਤੇ ਪ੍ਰੋਗਰਾਮ ਦੌਰਾਨ ਮੈਡੀਕਲ ਟੀਮ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਜਨ ਸਿਹਤ ਵਿਭਾਗ ਨੂੰ ਰੀਹਰਸਲਾਂ ਦੌਰਾਨ ਅਤੇ ਪ੍ਰੋਗਰਾਮ ਦੌਰਾਨ, ਲੋੜੀਂਦੀ ਗਿਣਤੀ ਵਿੱਚ ਆਰਜ਼ੀ ਜਨਤਕ ਪਖਾਨੇ ਬਣਾਉਣ ਲਈ ਕਿਹਾ ਗਿਆ।
ਉਨ੍ਹਾਂ ਜ਼ਿਲ੍ਹਾ ਸੈਨਿਕ ਸੇਵਾਵਾਂ ਦਫ਼ਤਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸ਼ਹੀਦ ਸੈਨਿਕ ਪਰਿਵਾਰਾਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬੁਲਾ ਕੇ, ਸੁਤੰਤਰਤਾ ਸੰਗਰਾਮੀਆਂ ਵਾਂਗ ਹੀ ਮਾਣ-ਸਨਮਾਨ ਦਿੱਤਾ ਜਾਵੇ।
ਤਹਿਸੀਲਦਾਰ ਬੰਗਾ ਨੂੰ ਖਟਕੜ ਕਲਾਂ ਵਿਖੇ 26 ਜਨਵਰੀ ਨੂੰ ਮੁੱਖ ਮਹਿਮਾਨ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਿਜਦਾ ਕਰਨ ਲਈ ਪੁੱਜਣ ਦੇ ਮੱਦੇਨਜ਼ਰ, ਲੋੜੀਂਦੇ ਪ੍ਰਬੰਧ ਕਰਨ ਲਈ ਆਖਿਆ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਵਿਸ਼ੇਸ਼ ਉਪਲਬਧੀਆਂ ਵਾਲੇ ਵਿਦਿਆਰਥੀਆਂ, ਖਿਡਾਰੀਆਂ, ਹੋਰ ਖੇਤਰਾਂ ਵਿੱਚ ਵਿਸ਼ੇਸ਼ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਅਤੇ ਵਿਭਾਗਾਂ ਦੇ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨਾਮ ਜ਼ਿਲ੍ਹਾ ਪੱਧਰੀ ਐਵਾਰਡ ਲਈ 18 ਜਨਵਰੀ ਤੱਕ ਡੀ.ਸੀ. ਦਫ਼ਤਰ ਵਿਖੇ ਪੁੱਜਦੇ ਕਰਨ ਲਈ ਕਿਹਾ ਗਿਆ।
ਇਸ ਤੋਂ ਇਲਾਵਾ ਗਣਤੰਤਰ ਦਿਹਾੜੇ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵੱਲੋਂ ਅਤੇ ਸਮਾਜ ਸੇਵੀ ਸੰਸਥਾਂਵਾਂ ਵੱਲੋਂ ਸਮਾਜਿਕ ਸੰਦੇਸ਼ ਦਿੰਦੀਆਂ ਝਾਕੀਆਂ ਕੱਢਣ ਦਾ ਫੈਸਲਾ ਵੀ ਲਿਆ ਗਿਆ।
ਮੀਟਿੰਗ ਵਿੱਚ ਏ.ਡੀ.ਸੀ. (ਡੀ) ਦਵਿੰਦਰ ਸਿੰਘ, ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ, ਐਸ.ਡੀ.ਐਮ. ਨਵਾਂਸ਼ਹਿਰ ਤੇ ਬੰਗਾ ਅਦਿਤਿਆ ਉੱਪਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਜ) ਅਨਮਜੋਤ ਕੌਰ, ਡੀ.ਐਸ.ਪੀ. (ਜਾਂਚ) ਹਰਵਿੰਦਰ ਸਿੰਘ ਡੱਲੀ, ਈ.ਏ.ਸੀ. (ਸਿਖਲਾਈ ਅਧੀਨ) ਅਰਸ਼ਦੀਪ ਸਿੰਘ ਲੁਬਾਨਾ ਪੀ.ਸੀ.ਐਸ., ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਂਵਾਂ ਉਪਕਾਰ ਕੋਆਰਡੀਨੇਸ਼ਨ ਦੇ ਪ੍ਰਤੀਨਿਧ ਨਰਿੰਦਰ ਸਿੰਘ ਭਾਰਟਾ, ਬਲੱਡ ਬੈਂਕ ਦੇ ਜੇ.ਐਸ. ਗਿੱਦਾ, ਨੇਤਰਦਾਨ ਸੰਸਥਾ ਦੇ ਰਤਨ ਜੈਨ ਮੌਜੂਦ ਸਨ।