ਜਗਦੀਸ਼ ਥਿੰਦ
ਫਾਜ਼ਿਲਕਾ 06 ਦਸੰਬਰ 2017 :
ਡਿਪਟੀ ਕਮਿਸਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਬਲਬੀਰ ਰਾਜ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸੀਨੀਅਰ ਸਿਟੀਜਨਜ਼ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।
> ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨਕਲੀ ਅੰਗ ਨਿਰਮਾਣ ਕੇਂਦਰ ਤੋਂ ਰਾਸ਼ਟ੍ਰੀਯ ਵਿਓਸ਼ਰੀ ਯੋਜਨਾ ਤਹਿਤ ਸੀਨੀਅਰ ਸਿਟੀਜਨਜ਼ ਜੋ ਕਿ ਕਿਸੇ ਅੰਗ ਤੋਂ ਦਿਵਿਯਾਂਗ ਹਨ ਉਨ੍ਹਾਂ ਨੂੰ ਨਕਲੀ ਅੰਗ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਸੀਨੀਅਰ ਸਿਟੀਜ਼ਨਜ਼ ਜੋ ਕਿ ਸਾਡੇ ਦੇਸ਼ ਦਾ ਮਹੱਤਵਪੂਰਨ ਅੰਗ ਹਨ ਤੇ ਉਨ੍ਹਾਂ ਤੋਂ ਸਿੱਖਣ ਨੂੰ ਬਹੁਤ ਕੁੱਝ ਮਿਲਦਾ ਹੈ। ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹੇ ਅੰਦਰ ਉਪਰਾਲੇ ਕਰਨ ਦੀ ਲੋੜ ਹੈ ਉਸਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਅੰਦਰ ਕੈਂਪ ਲਗਾਏ ਜਾਣ।
> ਮੀਟਿੰਗ ਦੌਰਾਨ ਸ੍ਰੀ ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਇਹ ਵੀ ਕਿਹਾ ਕਿ ਸੀਨੀਅਰ ਸਿਟੀਜਨਜ਼ ਦੇ ਦਫਤਰੀ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਸੀਨੀਅਰ ਸਿਟੀਜਨਜ਼ ਲਈ ਸਹੂਲਤਾਂ ਮੁਹੱਈਆ ਕਰਵਾਉਣ ਵਾਸਤੇ ਫਰਵਰੀ 2018 ਦੇ ਪਹਿਲੇ ਹਫਤੇ ਵਿੱਚ ਕੈਂਪ ਲਗਾਉਣ ਦੇ ਆਦੇਸ਼ ਵੀ ਦਿੱਤੇ।
> ਇਸ ਮੌਕੇ ਤਹਿਸੀਲਦਾਰ ਫਾਜ਼ਿਲਕਾ ਸ. ਦਰਸ਼ਨ ਸਿੰਘ, ਸਹਾਇਕ ਸਿਵਲ ਸਰਜਨ ਸ੍ਰੀ ਦਵਿੰਦਰ ਸਿੰਘ ਭੁੱਕਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਮੁਕੇਸ਼ ਗੌਤਮ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।