ਲੁਧਿਆਣਾ, 14 ਨਵੰਬਰ 2017 (ਗੁਰਪ੍ਰੀਤ ਸਿੰਘ ਮੰਡਿਆਣੀ)- ਅੱਜ ਦੁਪਹਿਰ ਤੋਂ ਬਾਅਦ ਪਰਾਲੀ ਦੇ ਧੂੰਏ ਨੇ ਆਬੋ-ਹਵਾ ਪੂਰੀ ਗੰਧਲੀ ਕਰ ਦਿੱਤੀ। ਸਾਰੇ ਲੁਧਿਆਣੇ ਜਿਲ੍ਹੇ ਤੋਂ ਅਗਾਂਹ ਮੋਗੇ ਜਿਲ੍ਹੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਦੀਆਂ ਖਬਰਾਂ ਨੇ। ਪੁਰੇ ਦੀ ਹਵਾ ਵਗਣ ਕਰਕੇ ਸੂਬੇ ਦੇ ਪੂਰਬ ਵਾਲੇ ਪਾਸੇ ਧੂੰਆਂ ਘੱਟ ਅਤੇ ਪੱਛਮ ਵਾਲੇ ਪਾਸੇ ਵੱਧ ਹੈ। ਹਵਾ ਵਿੱਚ ਧੂੰਏ ਦੀ ਮਿਕਦਾਰ ਵੱਧਣ ਦਾ ਕਾਰਨ ਝੋਨੇ ਦੇ ਵੱਢ ਨੂੰ ਜਿਆਦਾਤਰ ਅੱਜ ਹੀ ਅੱਗ ਲੱਗ ਸਕੀ ਹੈ। ਨਵੰਬਰ ਦੇ ਪਹਿਲੇ ਦਿਨਾਂ ਵਿੱਚ ਧੁੰਦ ਪੈਣ ਕਾਰਨ ਝੋਨੇ ਦੀ ਪਰਾਲੀ ਮੱਚਣ ਲਾਇਕ ਸੁੱਕ ਹੀ ਨਹੀਂ ਸਕੀ। 15 ਦਿਨਾਂ ਪਿੱਛੋਂ ਅੱਜ ਸਵੇਰੇ ਮੌਸਮ ਨਿੱਖਰ ਗਿਆ ਅਤੇ ਨਾਲੋ-ਨਾਲ ਹਵਾ ਵੀ ਚੱਲ ਪਈ। ਮੌਸਮ ਮਹਿਕਮੇ ਵੱਲੋਂ ਪੰਜਾਬ ਵਿੱਚ 16 ਨਵੰਬਰ ਨੂੰ ਮੀਂਹ ਪੈਣ ਦੀ ਪੇਸ਼ਨਗੋਈ ਕਾਰਨ ਕਿਸਾਨਾਂ ਨੇ ਅੱਜ ਇੱਕਦਮ ਪਰਾਲੀ ਦੇ ਖੇਤਾਂ ਨੂੰ ਅੱਗ ਲਾ ਦਿੱਤੀ। ਇਹਤੋਂ ਪਹਿਲਾਂ ਬਹੁਤ ਘੱਟ ਖੇਤਾਂ ਨੂੰ ਅੱਗ ਲੱਗ ਸਕੀ ਸੀ। ਪਰਾਲੀ ਘੱਟ ਸੁੱਕੀ ਹੋਣ ਕਾਰਨ ਇਹ ਪੂਰੀ ਤੇਜੀ ਨਾਲ ਅੱਗ ਤਾਂ ਨਹੀਂ ਫੜ ਸਕੀ ਪਰ ਹਵਾ ਵਗਣ ਨਾਲ ਧੁਖਦੀ-ਧੁਖਦੀ ਸੁਆਹ ਬਣ ਰਹੀ ਹੈ। ਇੱਕ ਤਾਂ ਬਹੁਤੇ ਖੇਤਾਂ ਨੂੰ ਇੱਕੋ ਦਿਨ ਅੱਗ ਲੱਗਣ ਕਾਰਨ ਅਤੇ ਪਰਾਲੀ ਦੇ ਧੁਖਣ ਨਾਲ ਧੂੰਆਂ ਹੋਰ ਵੱਧ ਪੈਦਾ ਹੋਇਆ। ਜੇ ਹਵਾ ਅੱਜ ਦੀ ਰਾਤ ਇਵੇਂ ਹੀ ਵੱਗਦੀ ਤਾਂ ਲੱਗਭੱਗ ਬੁਤਾ ਧੁੰਆਂ ਪੱਛਮ ਵਾਲੇ ਪਾਸੇ ਨੂੰ ਧੱਕਿਆ ਜਾਵੇਗਾ ਸੋ ਹਾਲਾਤ ਸੁਧਰਨ ਦੀ ਉਮੀਦ ਕਾਫੀ ਹੱਦ ਤੱਕ ਹਵਾ ਵਗਣ 'ਤੇ ਨਿਰਭਰ ਕਰਦੀ ਹੈ। ਜੇ ਮੀਂਹ ਪੈ ਗਿਆ ਤਾਂ ਧੂੰਏ ਵਾਲੇ ਹਾਲਾਤ ਪੂਰੇ ਸੁਧਰ ਸਕਦੇ ਹਨ। ਪਰ ਮੀਂਹ ਦਾ ਅਸਰ ਇਹ ਪੈ ਸਕਦਾ ਹੈ ਕਿ ਕਣਕ ਦੀ ਬਜਾਈ ਕਾਫੀ ਪਛੇਤੀ ਹੋ ਸਕਦੀ ਹੈ। ਕਿਉਂਕਿ ਮੀਂਹ ਤੋਂ ਬਾਅਦ ਫਿਰ ਧੁੰਦ ਪੈਣ ਦੀ ਤਵੱਕੋ ਹੈ। ਧੁੰਦ ਵਾਲੇ ਦਿਨਾਂ ਕਾਰਨ ਪੈਲੀ ਛੇਤੀ ਬਜਾਈ ਦੇ ਵੱਤ ਨਹੀਂ ਆ ਸਕਦੀ।
ਅੱਜ ਛਾਏ ਗਾੜੇ ਧੂੰਏ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਪਰਾਲੀ ਨੂੰ ਵੱਡੇ ਰਕਬੇ ਨੂੰ ਇਕੱਠੀ ਅੱਗ ਅੱਜ ਹੀ ਲੱਗੀ ਹੈ। ਹਾਲਾਂਕਿ ਪਰਾਲੀ ਦੇ ਨਾ ਸੁੱਕਣ ਕਰਕੇ ਹੁਣ ਤੱਕ ਸਿਰਫ ਨਾ-ਮਾਤਰ ਹੀ ਪਰਾਲੀ ਨੂੰ ਅੱਗ ਲੱਗੀ ਸੀ ਪਰ ਫਿਰ ਵੀ ਅਗੇਤੀ ਪਈ ਧੁੰਦ ਨੂੰ ਪਰਾਲੀ ਦਾ ਧੂੰਆਂ ਹੀ ਕਰਾਰ ਦਿੱਤਾ ਜਾ ਰਿਹਾ ਸੀ।