ਪਟਿਆਲਾ, 20 ਅਕਤੂਬਰ 2017 : ਪੰਜਾਬ ਸਰਕਾਰ ਅਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਦਿਵਾਲੀ ਵਾਲੇ ਦਿਨ ਦਿਖਾਈ ਗਈ ਮੁਸਤੈਦੀ ਕਾਰਨ ਇਸ ਵਰ੍ਹੇ ਪੰਜਾਬੀਆਂ ਨੇ ਹਰੀ ਦਿਵਾਲੀ ਮਨਾਉਣ ਨੂੰ ਤਰਜੀਹ ਦਿੱਤੀ । ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਕੀਤੇ ਗਏ ਨਿਰੀਖਣ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਦੀ ਹਵਾ ਦੀ ਕੁਆਲਟੀ ਵਿੱਚ ਦਿਵਾਲੀ ਵਾਲੇ ਦਿਨ ਸਿਰਫ਼ 24 ਪ੍ਰਤੀਸ਼ਤ ਵਾਧਾ ਰਿਕਾਰਡ ਕੀਤਾ ਗਿਆ ਜਦਕਿ ਪਿਛਲੇ ਵਰ੍ਹੇ ਇਹ ਵਾਧਾ 70 ਪ੍ਰਤੀਸ਼ਤ ਸੀ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਜਾਰੀ ਏਅਰ ਕੁਆਲਟੀ ਇੰਡੈਕਸ ਅਨੁਸਾਰ ਸੰਨ 2016 ਵਿੱਚ ਇਹ ਇੰਨਡੈਕਸ ਦਿਵਾਲੀ ਤੋਂ ਪਹਿਲਾਂ 130 ਅਤੇ ਦਿਵਾਲੀ ਵਾਲੇ ਦਿਨ 228 ਰਿਕਾਰਡ ਕੀਤਾ ਗਿਆ ਸੀ ਜੋ ਕਿ 70 ਪ੍ਰਤੀਸ਼ਤ ਜ਼ਿਆਦਾ ਸੀ। ਜਦਕਿ ਇਸ ਵਰ੍ਹੇ ਦਿਵਾਲੀ ਵਾਲੇ ਦਿਨ ਏਅਰ ਕੁਆਲਟੀ ਇੰਡੈਕਸ 328 ਅਤੇ ਦਿਵਾਲੀ ਤੋਂ ਪਹਿਲਾਂ 265 ਰਿਕਾਰਡ ਕੀਤਾ ਗਿਆ ਸੀ ਜੋ ਕਿ ਸਿਰਫ਼ 24 ਪ੍ਰਤੀਸ਼ਤ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਵਿੱਚ ਏਅਰ ਕੁਆਲਟੀ ਇੰਡੈਕਸ ਆਮ ਦਿਨ ਨਾਲੋਂ 17 ਪ੍ਰਤੀਸ਼ਤ ਜ਼ਿਆਦਾ ਸੀ ਜਦਕਿ ਪਿਛਲੇ ਸਾਲ ਇਹ ਵਾਧਾ 163 ਪ੍ਰਤੀਸ਼ਤ ਰਿਕਾਰਡ ਕੀਤਾ ਗਿਆ ਸੀ ਇਸੇ ਤਰ੍ਹਾਂ ਇਸ ਵਰ੍ਹੇ ਲੁਧਿਆਣਾ ਵਿੱਚ ਇਹ ਵਾਧਾ 24 ਪ੍ਰਤੀਸ਼ਤ ਰਿਹਾ ਜਦੋਂਕਿ ਪਿਛਲੇ ਸਾਲ ਇਹ ਵਾਧਾ 50 ਪ੍ਰਤੀਸ਼ਤ ਸੀ। ਅ੍ਰਿਮੰਤਸਰ ਦੇ ਏਅਰ ਕੁਆਲੀ ਇੰਡੈਕਸ ਵਿੱਚ 45 ਪ੍ਰਤੀਸ਼ਤ ਦਾ ਵਾਧਾ ਹੋਇਆ ਜੋ ਕਿ ਪਿਛਲੇ ਸਾਲ 63 ਪ੍ਰਤੀਸ਼ਤ ਸੀ
ਬੁਲਾਰੇ ਨੇ ਦੱਸਿਆ ਕਿ ਇਸ ਸਾਲ ਹਵਾ ਵਿੱਚ ਧੂੜ ਦੇ ਕਣਾਂ ਦੀ ਮਾਤਰਾ ਪਿਛਲੇ ਸਾਲ ਨਾਲੋਂ ਵੱਧ ਰਹੀ ਜਿਸ ਦਾ ਕਾਰਨ ਹਵਾ ਦਾ ਦਬਾਅ ਅਤੇੇ ਵੇਗ ਦਾ ਘੱਟ ਹੋਣਾ ਅਤੇ ਝੋਨੇ ਦੀ ਕਟਾਈ ਜਲਦੀ ਹੋਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਦਿਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 3 ਗੁਣਾਂ ਵਾਧਾ ਦਰਜ ਕੀਤਾ ਗਿਆ ਜੋ ਕਿ 1188 ਸੀ ਜਦੋਂਕਿ ਦਿਵਾਲੀ ਤੋਂ ਪਹਿਲਾਂ ਇਹ ਘਟਨਾਵਾਂ ਸਿਰਫ਼ 400 ਪ੍ਰਤੀ ਦਿਨ ਸੀ।