ਜਗਦੀਸ਼ ਥਿੰਦ
ਫਾਜ਼ਿਲਕਾ, 12 ਅਕਤੂਬਰ, 2017 : ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਚੇਤਾਵਨੀ ਰੈਲੀ ਦੀਆਂ ਤਿਆਰੀਆਂ ਵੱਖ ਵੱਖ ਜ਼ਿਲ੍ਹਿਆਂ ਵੱਲੋਂ ਮੁਕਮਲ ਕਰ ਲਈਆਂ ਗਈਆਂ ਹਨ।
ਰੈਲੀ ਦੀਆਂ ਤਿਆਰੀਆਂ ਨੂੰ ਲੈਕੇ ਸੂਬਾ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਅਤੇ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ 1 ਜਨਵਰੀ 2004 ਤੋਂ ਬਾਅਦ ਵੱਖ ਵੱਖ ਸਰਕਾਰੀ ਵਿਭਾਗਾਂ 'ਚ ਭਰਤੀ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਲਈ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਸਰਕਾਰ ਦੇ ਖਿਲਾਫ਼ 14 ਅਕਤੂਬਰ ਨੂੰ ਜਲੰਧਰ ਦ ਡੀਸੀ ਕੰਪਲੈਕਸ ਦੇ ਸਾਹਮਣੇ ਪੁਡਾ ਗ੍ਰਾਊਂਡ 'ਚ ਰੋਸ ਪ੍ਰਦਰਸ਼ਨ ਅਤੇ ਚੇਤਾਵਨੀ ਰੈਲੀ ਕਰ ਰਹੀ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਨੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਸਮੂਹ ਸੀਪੀਐਫ ਕਰਮਚਾਰੀਆਂ ਨੂੰ ਭਰੋਸਾ ਦੁਆਇਆ ਸੀ, ਪਰ ਦੋ ਤਿਹਾਈ ਬਹੁਮਤ ਦੇ ਨਾਲ ਸੱਤਾ 'ਚ ਆਉਣ ਦੇ ਬਾਵਜੂਦ ਉਹ ਆਪਣਾ ਵਾਅਦਾ ਭੁੱਲ ਗਏ। ਸੁਖਜੀਤ ਸਿੰਘ ਅਤੇ ਰਣਬੀਰ ਢੰਡੇ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਚੇਤਾਵਨੀ ਰੈਲੀ ਦਾ ਮੰਤਵ ਸਰਕਾਰ ਦੀਆਂ ਅੱਖਾਂ ਨੂੰ ਖੋਲਣਾ ਅਤੇ ਕੀਤਾ ਵਾਅਦਾ ਯਾਦ ਕਰਵਾਉਣਾ ਹੈ, ਤਾਕਿ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਅਤੇ ਭਰਤੀ ਹੋ ਰਹੇ ਹਜ਼ਾਰਾਂ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਹੱਕ ਪੁਰਾਣੀ ਪੈਨਸ਼ਨ ਵਜੋਂ ਮਿਲ ਸਕੇ। ਸੀਪੀਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਇਸ ਰੈਲੀ 'ਚ ਸਮੂਚੇ ਦੇਸ਼ ਭਰ ਤੋਂ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਅਤੇ ਆਗੂ ਸ਼ਾਮਲ ਹੋਣਗੇ। ਜਿਸ 'ਚ ਆਰਸੀਐਫ ਇੰਪਲਾਇਜ਼ ਯੂਨੀਅਨ, ਰੈਵੀਨਿਊ ਪਟਵਾਰ ਯੂਨੀਅਨ ਪੰਜਾਬ, ਡੀਸੀ ਦਫ਼ਤਰ ਇੰਪਲਾਇਜ਼ ਯੂਨੀਅਨ ਪੰਜਾਬ, ਸਿੰਚਾਈ ਪਟਵਾਰ ਯੂਨੀਅਨ, ਭੂ ਸੁਰੱਖਿਆ ਵਿਭਾਗ, ਮਨਿਸਟੀਰੀਅਲ ਯੂਨੀਅਨ ਐਜੂਕੇਸ਼ਨ, ਪੀਟੀਆਈ ਟੀਚਰ ਯੂਨੀਅਨ, ਅਧਿਆਪਕ ਦਲ ਪੰਜਾਬ, ਬੀਐਡ ਫਰੰਟ, ਈਟੀਟੀ ਅਧਿਆਪਕ ਯੂਨੀਅਨ, ਈਟੀਯੂ ਪੰਜਾਬ, ਮਾਸ ਮੀਡੀਆ ਆਫਿਸਰਜ਼ ਐਸੋਸੋਏਸ਼ਨ ਪੰਜਾਬ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ, ਦਰਜ਼ਾ ਚਾਰ ਕਰਚਮਾਰੀ ਯੂਨੀਅਨ, ਖੇਤੀਬਾੜੀ ਵਿਭਾਗ ਯੂਨੀਅਨ, ਪੰਜਾਬ ਰੋਡਵੇਜ਼ ਇੰਪਲਾਇਜ਼, ਖਜ਼ਾਨਾ ਦਫ਼ਤਰ ਯੂਨੀਅਨ, ਪੀਡਬਲਯੂਡੀ ਬੀਐਡਆਰ, ਸਹਿਕਾਰਤਾ ਵਿਭਾਗ, ਮਨੀਸੀਰੀਅਲ ਯੂਨੀਅਨ ਸਮੇਤ ਹੋਰਨਾਂ ਯੂਨੀਅਨ ਦੇ ਮੈਂਬਰ ਅਤੇ ਨੁਮਾਇੰਦੇ ਹਾਜ਼ਰ ਹੋਣਗੇ। ਇਸ ਮੌਕੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਮੈਂਬਰ ਹਾਜ਼ਰ ਸਨ।