ਜਗਦੀਸ਼ ਥਿੰਦ
ਫਾਜ਼ਿਲਕਾ, 11 ਅਕਤੂਬਰ, 2017 :
ਇਥੋਂ ਦੇ ਜ਼ਿਲ੍ਹਾ ਸਪੈਸ਼ਲ ਰਿਸੋਰਸ ਕੇਂਦਰ ਵਿਖੇ ਪੜ੍ਹ ਰਹੇ ਗੂੰਗੇ, ਬੋਲੇ, ਨੇਤਰਹੀਣ ਤੇ ਹੋਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਆਪਣੇ ਹੱਥੀ ਤਿਆਰ ਕੀਤੇ ਗਏ ਦੀਵੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੂੰ ਭੇਂਟ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਇਨ੍ਹਾਂ ਵੱਲੋਂ ਕੀਤੇ ਗਏ ਕੰਮ ਦੀ ਭਰਪੂਰ ਸ਼ਲਾਂਘਾ ਕੀਤੀ ਗਈ। ਇਸ ਕੇਂਦਰ ਵਿਖੇ ਵਿਸ਼ੇਸ਼ ਲੋੜਾਂ ਵਾਲੇ 43 ਬੱਚੇ ਸਿੱਖਿਆ ਲੈ ਰਹੇ ਹਨ।
ਫਾਜ਼ਿਲਕਾ ਦੀ ਓਡਾਂ ਵਾਲੀ ਬਸਤੀ ਵਿਖੇ ਚੱਲ ਰਹੇ ਜ਼ਿਲ੍ਹਾ ਸਪੈਸ਼ਲ ਰਿਸੋਰਸ ਕੇਂਦਰ ਦੇ ਬੱਚਿਆਂ ਵੱਲੋਂ ਆਪਣੇ ਹੱਥੀ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਦੀਵਿਆਂ ਤੇ ਮੋਮਬਤੀਆਂ ਨੂੰ ਦੇਖ ਕੇ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ। ਇਸ ਮੌਕੇ ਇਨ੍ਹਾਂ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਦਿਲ-ਖਿੱਚਵੇਂ ਦੀਵਿਆਂ ਤੇ ਮੋਮਬਤੀਆਂ ਦੀ ਡਿਪਟੀ ਕਮਿਸ਼ਨਰ ਵੱਲੋਂ ਆਪਣੇ ਨਿਜੀ ਖਰਚੇ ਵਿੱਚੋਂ ਖਰੀਦ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਇਨ੍ਹਾਂ ਬੱਚਿਆਂ ਵੱਲੋਂ ਹੱਥੀ ਤਿਆਰ ਕੀਤੇ ਗਏ ਕੰਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹੋਰ ਲੋਕਾਂ ਨੂੰ ਇਨ੍ਹਾਂ ਬੱਚਿਆਂ ਤੋਂ ਸਿੱਖ ਕੇ ਹੱਥੀ ਵਸਤਾਂ ਤਿਆਰ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਨਾਲ ਜਿੱਥੇ ਉਹ ਹੱਥੀ ਵਸਤਾਂ ਤਿਆਰ ਕਰਕੇ ਇਸ ਨੂੰ ਆਪਣੇ ਰੋਜ਼ਗਾਰ ਦਾ ਸਾਧਨ ਬਣਾ ਸਕਦੇ ਹਨ ਉਥੇ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
ਇਸ ਮੌਕੇ ਰਿਸੋਰਸ ਕੇਂਦਰ ਦੇ ਇੰਚਾਰਜ ਮੈਡਮ ਸੁਮਨ ਬਾਲਾ, ਸ੍ਰੀ ਗੁਰਮੀਤ ਸਿੰਘ, ਸ੍ਰੀ ਰਾਜ ਕੁਮਾਰ ਤੇ ਕੇਂਦਰ ਦੇ ਵਲੰਟੀਅਰਜ਼ ਅਤੇ ਬੱਚੇ ਹਾਜ਼ਰ ਸਨ।