ਔਕਲੈਂਡ 19 ਸਤੰਬਰ 2017:
(ਹਰਜਿੰਦਰ ਸਿੰਘ ਬਸਿਆਲਾ)
ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਔਰਤਾਂ ਨੂੰ ਸਰਕਾਰੀ ਤੌਰ 'ਤੇ ਬਰਾਬਰ ਦੇ ਅਧਿਕਾਰ ਦਿੰਦਿਆ 1893 ਦੇ ਵਿਚ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀ। 1896 ਦੇ ਵਿਚ ਜਿਸ ਔਰਤ 'ਕੇਟ ਸ਼ੀਪਾਰਡ' (10 ਡਾਲਰ ਦੇ ਨੋਟ 'ਤੇ ਛਪਦੀ ਹੈ ਫੋਟੋ) ਨੇ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ 'ਨੈਸ਼ਨਲ ਕੌਂਸਿਲ ਆਫ ਵੋਮੈਨ ਆਫ ਨਿਊਜ਼ੀਲੈਂਡ' ਦੀ ਸਥਾਪਨਾ ਕੀਤੀ ਸੀ ਉਸਨੂੰ ਬਣਿਆ ਹੁਣ 121 ਸਾਲ ਹੋ ਗਏ ਹਨ ਭਾਰਤੀਆਂ ਨੂੰ ਖੁਸ਼ੀ ਹੋਏਗੀ ਕਿ ਪਹਿਲੀ ਵਾਰ ਇਸ ਕੌਂਸਿਲ ਦੀ ਨਵੀਂ ਪ੍ਰਧਾਨ ਇਕ 37 ਸਾਲਾ ਭਾਰਤੀ (ਗੁਜਰਾਤੀ) ਮਹਿਲਾ ਵਨੀਸ਼ਾ ਧੀਰੂ ਨੂੰ ਚੁਣਿਆ ਗਿਆ ਹੈ। ਇਹ ਔਰਤ ਮਹਿਲਾਵਾਂ ਦੇ ਹੱਕ ਵਿਚ ਕਾਫੀ ਕੁਝ ਕਰ ਰਹੀ ਹੈ। ਕੌਂਸਿਲ ਇਸ ਵੇਲੇ ਔਰਤਾਂ ਅਤੇ ਮਰਦਾਂ ਦੀ ਬਰਾਬਰ ਮਿਹਨਤਾਨਾ ਰੱਖਣ ਦੇ ਮੁੱਦੇ ਉਤੇ ਕਾਫੀ ਕੁਝ ਕਰ ਰਹੀ ਹੈ। ਪਾਮਰਸਟਨ ਨਾਰਥ ਵਿਖੇ ਇਹ ਔਰਤ ਵੱਡੀ ਹੋਈ ਅਤੇ ਪੜ੍ਹੀ ਲਿਖੀ ਹੈ ਅਤੇ ਇਸਦੇ ਮਾਤਾ ਪਿਤਾ ਇਥੇ ਗਰੋਸੀ ਸਟੋਰ ਚਲਾਉਂਦੇ ਸਨ। ਇਸਦੇ ਪਿਤਾ ਨੇ ਆਪਣਾ ਸਰਨੇਮ ਪਟੇਲ ਲਗਾਉਣ ਦੀ ਥਾਂ ਆਪਣੇ ਨਾਂਅ ਦਾ ਧੀਰੂ ਇਸਦਾ ਸਰਨੇਮ ਬਣਾਇਆ ਸੀ। ਉਸਦਾ ਮੰਨਣਾ ਸੀ ਕਿ ਬਹੁਕੌਮੀ ਦੇਸ਼ਾਂ ਦੇ ਵਿਚ ਨਾਂਅ ਦੀ ਵੀ ਕਾਫੀ ਅਹਿਮੀਅਤ ਰਹਿੰਦੀ ਹੈ। ਨਿਊਜ਼ੀਲੈਂਡ ਟਰੇਡ ਐਂਡ ਇੰਟਰਪ੍ਰਾਈਜ਼ਜ਼ ਦੇ ਵਿਚ ਇਸਨੇ ਨੌਕਰੀ ਕੀਤੀ ਅਤੇ ਆਪਣੇ ਮਾਲਕ ਦੇ ਕਹਿਣ 'ਤੇ ਸਮਾਜਿਕ ਕੰਮਾਂ ਵਿਚ ਲੱਗੀ ਸੀ। ਵਨੀਸ਼ਾ ਨੇ ਦੱਸਿਆ ਕਿ ਇਥੇ ਵੀ ਔਰਤਾਂ ਦੇ ਨਾਲ ਕਾਫੀ ਵਿਤਕਰਾ ਹੁੰਦਾ ਹੈ ਉਸਨੇ ਵੀ ਕਈ ਥਾਂ ਅਜਿਹੇ ਤਜਰਬੇ ਪ੍ਰਾਪਤ ਕੀਤੇ ਹਨ। ਵਨੀਸ਼ਾ ਸੰਨ 2006 ਦੇ ਵਿਚ ਮਿਸ ਇੰਡੀਆ ਨਿਊਜ਼ੀਲੈਂਡ ਸੁੰਦਰਤਾ ਮੁਕਾਬਲੇ ਦੇ ਵਿਚ ਵੀ ਭਾਗ ਲੈ ਚੁੱਕੀ ਹੈ।