ਮੰਗਾਂ ਸਬੰਧੀ ਨਾਅਰੇਬਾਜ਼ੀ ਕਰਦੇ ਬੈਂਕ ਮੁਲਾਜ਼ਮ । ਫੋਟੋ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 22 ਅਗਸਤ, 2017 : ਯੂਨਾਈਟਿਡ ਫੌਰਮ ਆਫ ਬੈਂਕ ਯੂਨੀਅਨਜ ਦੇ ਸੱਦੇ ਤੇ ਅੱਜ ਇਸ ਖੇਤਰ ਵਿੱਚ ਬੈਂਕ ਮੁਲਾਜ਼ਮਾਂ ਨੇ ਹੜਤਾਲ ਕਰਕੇ ਸਰਕਾਰ ਵੱਲ ਆਪਣੀਆਂ ਮੰਗਾਂ ਪੂਰੀਆਂ ਕਰਨ ਦਾ ਸੰਦੇਸ਼ ਭੇਜਿਆ । ਐਸ ਬੀ ਆਈ ਗੁਰੂ ਹਰਸਹਾਏ ਦੇ ਬਰਾਂਚ ਸੈਕਟਰੀ ਸੀਮਤ ਕੰਬੋਜ ਨੇ ਦੱਸਿਆ ਕਿ ਕੇਂਦਰੀ ਪੱਧਰ ਦੀਆਂ ਜੱਥੇਬੰਦੀਆਂ ਮੁਲਾਜ਼ਮਾਂ ਦੇ ਹੱਕਾਂ ਦੇ ਨਾਲ ਹੀ ਹੋਰ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਹਨ ਜੋ ਕਿ ਬੈਂਕਾਂ ਦੀ ਖੁਸ਼ਹਾਲੀ ਲਈ ਜਰੂਰੀ ਹਨ । ਉਹਨਾਂ ਦਸਿਆ ਕਿ ਅੱਜ ਦਸ ਲਖ ਬੈਂਕ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਹੜਤਾਲ ਵਿੱਚ ਸ਼ਮੂਲੀਅਤ ਕੀਤੀ ਹੈ । ਇਸ ਮੌਕੇ ਗੁਰਮੀਤ ਸਿੰਘ ,ਨਿਆਮਤ , ਗੁਰਜੋਤ , ਸੁਸ਼ੀਲਾ, ਕਸ਼ਮੀਰ ਲਾਲ ਤੋਂ ਇਲਾਵਾ ਹੋਰ ਵੀ ਮੁਲਾਜ਼ਮ ਮੌਜੂਦ ਸਨ । ਐਸ ਬੀ ਆਈ, ਪੰਜਾਬ ਐਂਡ ਸਿੰਧ ਬੈਂਕ, ਓ ਬੀ ਸੀ, ਪੰਜਾਬ ਨੈਸ਼ਨਲ ਬੈਂਕ ਸਮੇਤ ਸਮੂਹ ਬੈਂਕ ਮੁਲਾਜ਼ਮਾ ਹੜਤਾਲ ਤੇ ਰਹੇ । ਮੁਲਾਜ਼ਮਾਂ ਨੇ ਨਾਅਰੇਬਾਜ਼ੀ ਵੀ ਕੀਤੀ ।