ਜਾਣਕਾਰੀ ਦਿੰਦੇ ਸ਼੍ਰੀ ਰਾਮਵੀਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 21 ਅਗਸਤ, 2017 : ਸਿਹਤ ਵਿਭਾਗ ਵੱਲੋਂ ਜਿੱਥੇ ਸ਼ਹਿਰੀ ਖੇਤਰਾਂ ਦੇ ਵਸਨੀਕਾਂ ਨੂੰ ਸਿਹਤ ਸੁਵਿਧਾਵਾਂ ਸਿਵਲ ਹਸਪਤਾਲ, ਡਿਸਪੈਂਸਰੀਆਂ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਉੱਥੇ ਪੇਂਡੂ ਖੇਤਰਾਂ ਦੇ ਦੂਰ-ਦੁਰਾਡੇ ਰਹਿ ਰਹੇ ਲੋਕਾਂ ਨੂੰ ਸਿਹਤ ਸਹੂਲਤਾਂ ਉਨ੍ਹਾਂ ਦੇ ਬਰੂਹਾਂ ਤੱਕ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨ ਬੱਧ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਫਿਰੋਜ਼ਪੁਰ ਜ਼ਿਲ੍ਹੇ 'ਚ ਮੋਬਾਇਲ ਮੈਡੀਕਲ ਵੈਨਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਦੇ ਵਸਨੀਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਫਿਰੋਜ਼ਪੁਰ ਦੇ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਬੀਤੇ ਅਪ੍ਰੈਲ ਤੋਂ ਜੂਨ 2017 ਦੌਰਾਨ ਜ਼ਿਲ੍ਹੇ ਦੇ 140 ਪਿੰਡਾਂ ਦਾ ਦੌਰਾ ਕਰਕੇ 2987 ਮਰੀਜ਼ਾਂ ਦਾ ਮੈਡੀਕਲ ਚੈਕ-ਅਪ ਕੀਤਾ ਗਿਆ, ਜਿਨ੍ਹਾਂ 'ਚੋ 1333 ਮਰਦ ਅਤੇ 1654 ਔਰਤਾਂ ਸਨ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੌਰਾਨ 777 ਮਰੀਜ਼ਾਂ ਦੇ ਲੈਬ ਟੈੱਸਟ ਅਤੇ 48 ਲੋੜਵੰਦਾਂ ਦੀ ਈ.ਸੀ.ਜੀ ਮੁਫ਼ਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਮੈਡੀਕਲ ਵੈਨਾਂ ਰਾਹੀ ਲੋੜਵੰਦਾਂ ਤੱਕ ਪਹੁੰਚ ਕਰਕੇ ਸਿਹਤ ਸੇਵਾਵਾਂ ਦੇਣ ਨਾਲ ਜ਼ਿਲ੍ਹੇ ਦੇ ਦੂਰ-ਦੁਰਾਡੇ ਖੇਤਰਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਬਜ਼ੁਰਗ, ਅਪਾਹਜ, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ ਜਿਹੜੇ ਹਸਪਤਾਲ ਤੱਕ ਦਵਾਈ ਲੈਣ ਲਈ ਨਹੀਂ ਪਹੁੰਚ ਸਕਦੇ, ਅਜਿਹੇ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਲਈ ਇਹ ਬੱਸ ਸੇਵਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਸਿਵਲ ਸਰਜਨ ਫ਼ਿਰੋਜਪੁਰ ਡਾ.ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੋਬਾਇਲ ਮੈਡੀਕਲ ਯੂਨਿਟ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜ਼ਾਨਾ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੱਖ-ਵੱਖ ਪਿੰਡਾਂ ਅਤੇ ਸਲਮ ਬਸਤੀਆਂ ਵਿੱਚ ਜਾ ਕੇ ਮਰੀਜ਼ਾਂ ਦਾ ਚੈਕ-ਅਪ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੋਬਾਇਲ ਮੈਡੀਕਲ ਯੂਨਿਟ ਵਿਚ ਇਕ ਮਰਦ ਮੈਡੀਕਲ ਅਫ਼ਸਰ, ਸਟਾਫ਼ ਨਰਸ, ਰੇਡਿਓਗਰਾਫਰ, ਡਰਾਈਵਰ ਅਤੇ ਹੈਲਪਰ ਦੀ ਤੈਨਾਤੀ ਕੀਤੀ ਗਈ ਹੈ।