ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਟਰੱਕ ਆਪਰੇਟਰ।
ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 21 ਅਗਸਤ, 2017 : ਬਾਬਾ ਫਰੀਦ ਟਰੱਕ ਆਪਰੇਟਰ ਯੂਨੀਅਨ ਫਰੀਦਕੋਟ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਹੈ ਕਿ ਫਰੀਦਕੋਟ ਟਰੱਕ ਯੂਨੀਅਨ ਵਿੱਚ ਕਥਿਤ ਤੌਰ 'ਤੇ 7 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਜਿਸ ਦੀ ਵਿਜੀਲੈਂਸ ਵਿਭਾਗ ਪਾਸੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਟਰੱਕ ਆਪਰੇਟਰ ਬਲਵਿੰਦਰ ਸਿੰਘ, ਮਨਦੀਪ ਸਿੰਘ, ਜਗੀਰ ਸਿੰਘ, ਸੋਨੂੰ ਕੁਮਾਰ, ਪ੍ਰੇਮ ਸਿੰਘ, ਮਨਜੀਤ ਸਿੰਘ, ਦਰਸ਼ਨ ਸਿੰਘ ਅਤੇ ਸ਼ਰਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਯੂਨੀਅਨ ਦੇ ਕੁਝ ਆਗੂਆਂ ਦੀ ਕਥਿਤ ਮਿਲੀ ਭੁਗਤ ਕਾਰਨ 2014 ਤੋਂ ਲੈ ਕੇ 2017 ਤੱਕ ਮੰਡੀਆਂ 'ਚ ਢੋਅ-ਢੁਆਈ ਦੇ ਕਿਰਾਏ ਦਾ ਟਰੱਕ ਆਪਰੇਟਰਾਂ ਨੂੰ ਕੋਈ ਹਿਸਾਬ ਨਹੀਂ ਦਿੱਤਾ ਗਿਆ। ਟਰੱਕ ਆਪਰੇਟਰਾਂ ਨੇ ਕਿਹਾ ਕਿ ਯੂਨੀਅਨ ਵਿੱਚ ਕਥਿਤ ਘਪਲੇਬਾਜੀ ਕਾਰਨ ਟਰੱਕ ਆਪਰੇਟਰਾਂ ਦੀ ਆਰਥਿਕ ਹਾਲਤ ਬੁਰੀ ਤਰ੍ਹਾਂ ਡਾਵਾਂਡੋਲ ਹੋ ਗਈ ਹੈ। ਆਪਰੇਟਰਾਂ ਨੇ ਕਿਹਾ ਕਿ ਯੂਨੀਅਨ ਵੱਲੋਂ ਹਰ ਛੇ ਮਹੀਨੇ ਬਾਅਦ ਕਰੋੜਾਂ ਰੁਪਏ ਫੰਡ ਵਜੋਂ ਇਕੱਠੇ ਕੀਤੇ ਜਾਂਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਢੋਅ-ਢੁਆਈ ਦੇ ਆਏ ਪੈਸੇ ਸਹੀ ਰੂਪ ਵਿੱਚ ਨਹੀਂ ਵੰਡੇ ਜਾਂਦੇ। ਆਪਰੇਟਰਾਂ ਨੇ ਇਹ ਵੀ ਮੰਗ ਕੀਤੀ ਕਿ ਮੰਡੀਆਂ 'ਚ ਢੋਅ-ਢੁਆਈ ਲਈ ਪੰਜਾਬ ਸਰਕਾਰ ਵੱਲੋਂ ਭੇਜੇ 60 ਲੱਖ ਰੁਪਏ ਆਪਣੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਵੰਡੇ ਜਾਣ। ਬਲਵਿੰਦਰ ਸਿੰਘ ਨੇ ਕਿਹਾ ਕਿ 54 ਆਪਰੇਟਰ ਕਥਿਤ ਘਪਲੇ ਬਾਰੇ ਆਪਣੇ ਹਲਫ਼ੀਆ ਬਿਆਨ ਵੀ ਦੇ ਚੁੱਕੇ ਹਨ ਪਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਟਰੱਕ ਆਪਰੇਟਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨ ਭੰਗ ਕਰਨ ਦੇ ਫੈਸਲੇ ਨਾਲ ਟਰੱਕ ਆਪਰੇਟਰਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਯੂਨੀਅਨ ਵਿੱਚ ਕਰੋੜਾਂ ਰੁਪਏ ਦੇ ਹੁੰਦੇ ਘਪਲਿਆਂ ਦਾ ਸਦਾ ਲਈ ਖਾਤਮਾ ਹੋ ਗਿਆ ਹੈ। ਟਰੱਕ ਆਪਰੇਟਰਾਂ ਸਪੱਸ਼ਟ ਕੀਤਾ ਕਿ ਜੇਕਰ 31 ਅਗਸਤ ਤੱਕ ਯੂਨੀਅਨ ਦਾ ਪੈਸਾ ਹੜੱਪ ਕਰਨ ਵਾਲਿਆਂ ਖਿਲਾਫ਼ ਪਰਚਾ ਦਰਜ ਨਾ ਹੋਇਆ ਤਾਂ 1 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਟਰੱਕ ਆਪਰੇਟਰਾਂ ਦੇ ਮੰਗ ਪੱਤਰ ਨੂੰ ਮੁੱਖ ਮੰਤਰੀ ਦਫ਼ਤਰ ਕੋਲ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਇਸ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕਰੇਗਾ।