ਜਲੰਧਰ, 20 ਅਗਸਤ 2017: ਵਿਦਿਆਰਥਣਾ ਨੂੰ ਵਿੱਦਿਆ ਪ੍ਰਾਪਤੀ ਨੂੰ ਸਭ ਤੋਂ ਵਧੇਰੇ ਅਹਿਮੀਅਤ ਦੇਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਮਾਜ ਵਿੱਚ ਔਰਤਾਂ ਦੀ ਲੁੱਟ-ਖਸੁੱਟ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਨ ਅਤੇ ਮਹਿਲਾ ਸ਼ਸ਼ਕਤੀਕਰਨ ਲਈ ਵਿੱਦਿਆ ਪ੍ਰਾਪਤੀ ਸਭ ਤੋਂ ਅਹਿਮ ਹੈ।
ਗੈਰ ਸਰਕਾਰੀ ਸੰਸਥਾ ਉਡਾਣ ਵੱਲੋਂ ਸਥਾਨਕ ਬੀ.ਡੀ.ਆਰਿਆ ਕਾਲਜ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਦਿਆਰਥਣਾ ਨੂੰ ਸੰਬੋਧਨ ਦੌਰਾਨ ਡਿਪਟੀ ਕਮਿਸ਼ਨਰ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਪੁਡੂਚੇਰੀ ਦੀ ਉਪ-ਰਾਜਪਾਲ ਸ੍ਰੀਮਤੀ ਕਿਰਨ ਬੇਦੀ, ਪ੍ਰਸਿੱਧ ਵਿਗਿਆਨੀ ਕਲਪਨਾ ਚਾਵਲਾ ਵੱਲੋਂ ਆਪੋ ਆਪਣੇ ਖੇਤਰ ਵਿੱਚ ਪਾਏ ਗਏ ਮਿਸਾਲੀ ਯੋਗਦਾਨ ਦਾ ਹਵਾਲਾ ਦਿੰਦਿਆਂ ਵਿਦਿਆਰਥਣਾ ਨੂੰ ਵਿੱਦਆਿ ਹਾਸਿਲ ਕਰਕੇ ਨਰੋਆ ਸਮਾਜ ਸਿਰਜਣ ਵਿੱਚ ਉਸਾਰੂ ਯੋਗਦਾਨ ਪਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਬੇਟੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਉਚ ਪਾਏ ਦੀ ਵਿੱਦਿਆ ਦਿਵਾਉਣ ਨੂੰ ਤਵੱਜੋ ਨਾ ਦਿੱਤੀ ਤਾਂ ਭਾਰਤ ਨੂੰ ਸ੍ਰੀਮਤੀ ਇੰਦਰਾ ਗਾਂਧੀ ਦੇ ਰੂਪ ਵਿੱਚ ਮਹਾਨ ਪ੍ਰਧਾਨ ਮੰਤਰੀ ਦੀ ਅਗਵਾਈ ਨਾ ਮਿਲਦੀ। ਉਨ੍ਹਾਂ ਮਹਾਨ ਜੋਤੀ ਰਾਓ ਫੂਲਕੇ ਅਤੇ ਉਨ੍ਹਾਂ ਦੀ ਪਤਨੀ ਸਾਵਿਤਰੀ ਬਾਈ ਫੂਲਕੇ ਵੱਲੋਂ ਗਰੀਬ ਵਰਗਾਂ ਨੂੰ ਵਿੱਦਿਆ ਮੁਹੱਈਆ ਕਰਵਾਉਣ ਲਈ ਨਿਭਾਈ ਭੂਮਿਕਾ ਦਾ ਵਿਸ਼ੇਸ਼ ਜ਼ਿਕਰ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਕੇਂਦਰੀ ਤੇ ਰਾਜ ਸਰਕਾਰ ਵੱਲੋਂ ਵਿੱਦਿਆ ਨੂੰ ਦਿੱਤੀ ਜਾ ਰਹੀ ਤਰਜੀਹ ਸਦਕਾ ਅੱਜ ਹਰ ਵਰਗ ਤੱਕ ਵਿੱਦਿਆ ਦਾ ਪਸਾਰ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਖਾਸਕਰ ਵਿੱਦਿਆ ਜ਼ਰੀਏ ਮਹਿਲਾ ਸ਼ਸਕਤੀਕਰਨ ਦੇ ਖੇਤਰ ਵਿੱਚ ਭਾਰਤ ਵਿਸ਼ਵ ਦਾ ਮੋਹਰੀ ਮੁਲਕ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਾਹਗਾ ਸਰਹੱਦ ਤੋਂ ਕੁਝ ਸੈਂਕੜੇ ਕਿਲੋਮੀਟਰ ਦੀ ਦੂਰੀ 'ਤੇ ਮਲਾਲਾ ਵਰਗੀ ਲੜਕੀ ਨੂੰ ਵਿੱਦਿਆ ਲਈ ਆਵਾਜ਼ ਉਠਾਉਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਦਕਿ ਭਾਰਤ ਵਿੱਚ ਹਰ ਘਰ ਤੱਕ ਵਿਦਿਆ ਦੇ ਪਸਾਰ ਸਦਕਾ ਭਾਰਤ ਦੀਆਂ ਲੜਕੀਆਂ ਵੱਖੋ ਵੱਖ ਖੇਤਰਾਂ ਵਿੱਚ ਮਿਸਾਲੀ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਵਿੱਦਿਅਕ ਬੋਰਡਾਂ ਅਤੇ ਯੂਨੀਵਰਸਿਟੀਆਂ ਦੇ ਨਤੀਜਿਆਂ ਵਿੱਚ 70 ਤੋਂ 80 ਫੀਸਦ ਪੁਜੀਸ਼ਨਾ ਲੜਕੀਆਂ ਹੀ ਹਾਸਲ ਕਰ ਰਹੀਆਂ ਹਨ। ਉਨ੍ਹਾਂ ਲੜਕੀਆਂ ਨੂੰ ਸੱਦਾ ਦਿੱਤਾ ਕਿ ਉਹ ਵਿਦਿਆ ਹਾਸਲ ਕਰਕੇ ਨਾ ਕੇਵਲ ਆਪਣੀ ਪਛਾਣ ਬਣਾਉਣ ਸਗੋਂ ਹੋਰਨਾਂ ਲਈ ਚਾਨ ਮੁਨਾਰਾ ਵੀ ਬਣਨ। ਉਨ੍ਹਾਂ ਇਸ ਸਮਾਗਮ ਨੂੰ ਆਯੋਜਿਤ ਕਰਨ ਲਈ ਗੈਰ ਸਰਕਾਰੀ ਸੰਸਥਾ ਉਡਾਣ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਕਾਲਜ ਪ੍ਰਿੰਸੀਪਲ ਡਾ. ਸਰਿਤਾ ਵਰਮਾ, ਭਾਸ਼ਾ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਦੀਸ਼ ਕੌਰ ਵਾਡੀਆ, ਐਡਵੋਕੇਟ ਵਿਕਰਮ ਸ਼ਰਮਾ ਅਤੇ ਐਨ.ਜੀ.ਓ ਦੇ ਚੇਅਰਮੈਨ ਪੰਕਜ ਮਹਿਤਾ ਵੀ ਹਾਜ਼ਰ ਸਨ।