ਵਿਜੇਪਾਲ ਬਰਾੜ
ਚੰਡੀਗੜ੍ਹ, 26 ਜੁਲਾਈ, 2017 : ਪੰਜਾਬ ਸਰਕਾਰ ਵਿੱਚ ਬਦਲੀਆਂ ਦੇ ਮਾਮਲੇ 'ਤੇ ਵਿਧਾਇਕਾਂ ਦੀਆਂ ਸਿਫਾਰਸ਼ਾਂ ਦੀ ਪੁੱਗਤ ਹੋਣ ਦੀ ਖੂਬ ਚਰਚਾ ਹੋਣ ਦੇ ਬਾਵਜੂਦ ਵੀ ਆਪਣੀ ਪੁੱਛ-ਦੱਸ ਨਾਂ ਹੋਣ ਦੇ ਰੋਸੇ ਅਜੇ ਵੀ ਜਾਰੀ ਹਨ । ਆਏ ਦਿਨ ਕਾਂਗਰਸੀ ਵਿਧਾਇਕ ਸ਼ਿਕਾਇਤਾਂ ਲੈ ਕੇ ਮੰਤਰੀਆਂ ਦੇ ਗੇੜੇ ਕੱਢਦੇ ਵੇਖੇ ਜਾਂਦੇ ਨੇ । ਤਾਜਾ ਮਾਮਲਾ ਹੈ ਮਾਲਵਾ ਦੇ ਇੱਕ ਜਿਲੇ ਦੇ ਨੌਜਵਾਨ ਵਿਧਾਇਕ ਤੇ ਮੰਤਰੀ ਦਾ । ਜਦ ਗੁੱਸੇ ਚ ਭਰੇ ਪੀਤੇ ਤੇਜ-ਤਰਾਰ ਵਿਧਾਇਕ ਨੇ ਪੰਚਾਇਤ ਮਹਿਕਮੇ ਦੀ ਇਕ ਬਦਲੀ ਬਾਰੇ ਚੰਡੀਗੜ੍ਹ ਦੇ ਸੈਕਟਰ 35 ਵਿੱਚ ਇੱਕ ਸਮਾਗਮ ਦੌਰਾਨ ਕਾਰੀਡੋਰ ਚ ਹੀ ਮੰਤਰੀ ਨੂੰ ਘੇਰ ਲਿਆ ਤੇ ਮੰਤਰੀ ਦੀ ਚੰਗੀ ਲਾਹ-ਪਾਹ ਕੀਤੀ ।
ਹੋਇਆਂ ਇੰਝ ਕਿ ਵਿਧਾਇਕ ਨੇ ਪੰਚਾਇਤ ਮਹਿਕਮੇ ਦੇ ਇੱਕ ਮੁਲਾਜਮ ਦੀ ਬਦਲੀ ਆਪਣੇ ਜਿਲੇ ਤੋਂ ਦੂਜੇ ਜਿਲ੍ਹੇ ਦੀ ਕਰਵਾ ਦਿੱਤੀ ਪਰ ਕੁਝ ਦਿਨਾਂ ਬਾਅਦ ਉਹ ਮੁਲਾਜਮ ਵਾਪਿਸ ਉਸੇ ਸਟੇਸ਼ਨ ਤੇ ਆ ਗਿਆ ਤੇ ਉਸਨੇ ਵਿਧਾਇਕ ਦੇ ਨਜਦੀਕੀਆਂ ਕੋਲ ਇਤਰਾਜਯੋਗ ਸ਼ਬਦਾਵਲੀ 'ਚ ਕਿਹਾ ਕਿ ਵਿਧਾਇਕ ਨੇ ਮੇਰਾ ਕੀ ਕਰ ਲਿਆ । ਬੱਸ ਇਸੇ ਗੱਲ ਤੋਂ ਵਿਧਾਇਕ ਦਾ ਪਾਰਾ ਚੜ੍ਹ ਗਿਆ ਤੇ ਉਸਨੇ ਉਸ ਮੁਲਾਜਮ ਦੀ ਮੱਦਦ ਕਰਨ ਵਾਲੇ ਮੰਤਰੀ ਕੋਲ ਜੰਮ ਕੇ ਭੜਾਸ ਕੱਢੀ । ਗੁੱਸੇ ਵਿੱਚ ਵਿਧਾਇਕ ਨੂੰ ਇਸ ਗੱਲ ਦਾ ਵੀ ਇਲਮ ਨਹੀਂ ਰਿਹਾ ਕਿ ਉਸਦੇ ਆਸਪਾਸ ਕੌਣ ਕੌਣ ਖੜਾ ਸੁਣ ਰਿਹਾ ਹੈ । ਪੰਚਾਇਤ ਮਹਿਕਮੇ ਦੇ ਜਿਸ ਮੁਲਾਜਮ ਬਾਰੇ ਇਹ ਸਾਰੀ ਗੱਲਬਾਤ ਹੋ ਰਹੀ ਸੀ, ਉਹ ਮੁਲਾਜਮ ਅਕਸਰ ਸਰਕਾਰ ਦੇ ਖਿਲਾਫ ਵੱਟਸਐਪ ਤੇ ਪੋਸਟਾਂ ਪਾਉਣ ਲਈ ਮਸ਼ਹੂਰ ਹੈ ਤੇ ਇਹ ਵੀ ਪਤਾ ਲੱਗਿਆ ਹੈ ਕਿ ਉਸਨੇ ਵਿਧਾਇਕ ਦੇ ਸਬੰਧ ਵਿੱਚ ਵੀ ਵੱਟਸਐਪ ਤੇ ਹੀ ਇਤਰਾਜਯੋਗ ਟਿੱਪਣੀ ਕੀਤੀ ਸੀ ।
ਦਿਲਚਸਪ ਗੱਲ ਇਹ ਹੈ ਕਿ ਜਿਸ ਮੰਤਰੀ ਕੋਲ ਵਿਧਾਇਕ ਨੇ ਬਦਲੀ ਦੇ ਸਬੰਧ ਵਿੱਚ ਆਪਣੀ ਭੜਾਸ ਕੱਢੀ ਉਹ ਮਹਿਕਮਾ ਵੀ ਉਸ ਮੰਤਰੀ ਦਾ ਨਹੀਂ ਹੈ ਤੇ ਮੰਤਰੀ ਸਾਹਬ ਪਹਿਲਾਂ ਵੀ ਵਿਵਾਦਾਂ ਚ ਰਹੇ ਹਨ । ਜਦ ਪੂਰੇ ਮਾਮਲੇ ਬਾਰੇ ਵਿਧਾਇਕ ਦਾ ਪੱਖ ਜਾਨਣ ਲਈ ਉਹਨਾਂ ਨਾਲ ਗੱਲ ਕੀਤੀ ਗਈ ਤਾਂ ਉਦੋਂ ਤੱਕ ਸ਼ਾਇਦ ਵਿਧਾਇਕ ਦਾ ਗੁੱਸਾ ਠੰਢਾ ਹੋ ਚੁੱਕਾ ਸੀ ਤੇ ਵਿਧਾਇਕ ਨੇ ਕਿਹਾ ਕਿ ਉਹ ਤਾਂ ਮੰਤਰੀ ਨੂੰ ਬਦਲੀ ਕਰਵਾਉਣ ਵਾਲੇ ਮੁਲਾਜਮਾਂ ਦੇ ਸਬੰਧ ਵਿੱਚ ਸਹੀ ਤੱਥਾਂ ਦੀ ਜਾਣਕਾਰੀ ਦੇ ਰਹੇ ਸਨ ਤੇ ਗੁੱਸੇ ਗਿਲੇ ਵਾਲੀ ਕੋਈ ਗੱਲ ਨਹੀਂ ਹੈ । ਮੰਤਰੀ ਤੇ ਵਿਧਾਇਕ ਵਿਚਕਾਰ ਹੋਈ ਇਸ ਤਲਖੀ ਭਰੀ ਗੱਲਬਾਤ ਦੀ ਸਰਕਾਰੀ ਅਤੇ ਸਿਆਸੀ ਹਲਕਿਆਂ ਚ ਦਿਨ ਭਰ ਚਰਚਾ ਚਲਦੀ ਰਹੀ ।