ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 26 ਜੁਲਾਈ, 2017 : ਜਲਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਜਲਿਆਂਵਾਲਾ ਬਾਗ਼ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਿਤ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਸ਼ਹੀਦ ਦੀ ਢੁੱਕਵੀਂ ਯਾਦਗਾਰ ਸਥਾਪਿਤ ਕਰਨ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਅਤੇ ਇਸ ਸਬੰਧੀ ਵੱਖ ਵੱਖ ਸੰਸਥਾਵਾਂ ਵੱਲੋਂ ਮਿਲ ਕੇ ਸੰਤ ਬਾਬਾ ਬ੍ਰਹਮਦਾਸ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ 2016 ਦੇ ਦਿਨ ਜੰਤਰ ਮੰਤਰ ਦਿੱਲੀ ਵਿਖੇ ਮਨਾਏ ਗਏ ਸ਼ਰਧਾਂਜ਼ਲੀ ਸਮਾਗਮ ਵਿਚ ਸ਼ਾਮਲ ਹੋਏ ਹਜ਼ਾਰਾਂ ਲੋਕਾਂ ਨੇ ਦਿੱਲੀ ਗੇਟ ਤੱਕ ਕੀਤੇ ਕੈਂਡਲ ਮਾਰਚ ਵਿਚ ਸ਼ਮੂਲੀਅਤ ਕਰਕੇ ਸ਼ਹੀਦ ਦਾ ਬੁੱਤ ਜਲਿਆਂਵਾਲਾ ਬਾਗ਼ ਵਿਖੇ ਸਥਾਪਿਤ ਕਰਨ ਲਈ ਮੰਗ ਕੀਤੀ ਸੀ, ਇਸ ਸਬੰਧੀ ਸਰਵ ਕੰਬੋਜ਼ ਸਮਾਜ ਨਾਲ ਸਬੰਧਤ ਆਗੂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲੇ ਤਾਂ ਉਨ੍ਹਾਂ ਨੇ ਇਸ ਸਬੰਧੀ ਫਾਇਲ ਨੂੰ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨੂੰ ਢੁੱਕਵੀਂ ਕਾਰਵਾਈ ਕਰਨ ਲਈ ਲਿਖਿਆ ਸੀ। ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਵਿਚ ਜਲ੍ਹਿਆ ਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਸ਼੍ਰੀ ਅੰਮ੍ਰਿਤਸਰ ਵੱਲ ਲਿਖੇ ਪੱਤਰ ਵਿਚ ਆਖਿਆ ਗਿਆ ਹੈ ਕਿ ਸ਼ਹੀਦ ਊਧਮ ਸਿੰਘ ਦਾ ਬੁੱਤ ਜਲ੍ਹਿਆ ਵਾਲਾ ਬਾਗ ਵਿਖੇ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਬੁੱਤ ਨੂੰ ਲਗਾਉਣ ਦਾ ਕੰਮ ਸਰਵ ਕੰਬੋਜ਼ ਸਮਾਜ ਵੱਲੋਂ ਕੀਤਾ ਜਾਣਾ ਹੈ।
ਇਸ ਸਬੰਧੀ ਸੂਚਨਾ ਮਿਲਣ ਤੇ ਵੱਖ ਵੱਖ ਆਗੂਆਂ ਨੇ ਭਰਵਾਂ ਸਵਾਗਤ ਕਰਦਿਆਂ ਆਖਿਆ ਕਿ ਇਹ ਦੇਰ ਨਾਲ ਲਿਆ ਗਿਆ ਦਰੁਸਤ ਫੈਸਲਾ ਹੈ ਅਤੇ ਸ਼ਹੀਦ ਦੇ ਨਾਮ ਤੇ ਯੂਨੀਵਰਸਿਟੀਆਂ ਦੇ ਨਾਂਅ ਰੱਖਣ ਦੇ ਨਾਲ ਹੀ ਸ਼ਹੀਦ ਦੀ ਲੰਡਨ ਵਿਚ ਪਈ ਡਾਇਰੀ, ਪਿਸਟਲ ਅਤੇ ਚੱਲੇ ਕੇਸ ਦੇ ਦਸਤਾਵੇਜ਼ ਵੀ ਭਾਰਤ ਵਿਚ ਲਿਆਉਣ ਦਾ ਪ੍ਰਬੰਧ ਭਾਰਤ ਸਰਕਾਰ ਕਰੇ।