ਫ਼ਿਰੋਜ਼ਪੁਰ ਵਿਖੇ ਮੀਟਿੰਗ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 22 ਜੂਨ, 2017 : 'ਮਹਿਲਾਂ ਅਧਿਆਪਕਾਂ ਦੇ ਕਪੜਿਆਂ ਬਾਰੇ ਮਾਨਸਿਕਤਾ ਬਦਲਣ ਦੀ ਲੋੜ' ਦਾ ਢੰਡੋਰਾ ਪਿੱਟ ਕੇ ਅਜਿਹਾ ਪੱਤਰ ਜਾਰੀ ਕਰਨ ਵਾਲੇ ਦੋ ਅਧਿਕਾਰੀਆਂ ਨੂੰ ਸਸਪੈਂਡ ਕਰਨ ਵਾਲੀ ਸਿੱਖਿਆ ਮੰਤਰੀ ਦਾ ਵਿਭਾਗ ਆਪਣੀ ਰੂੜੀਵਾਦੀ ਸੋਚ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹੈ। ਮਾਮਲਾ ਚਾਹੇ ਵਿਭਾਗ ਵੱਲੋਂ ਨਵੰਬਰ 2012 ਵਿੱਚ ਜਾਰੀ ਪੱਤਰ ਦਾ ਹੋਵੇ ਜਾਂ ਉਸੇ ਹਵਾਲੇ ਅਧੀਨ ਮਈ 2017 ਦੇ ਪੱਤਰ ਦਾ, ਅਧਿਆਪਕ ਪਹਿਰਾਵੇ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਆਪਣੀ ਮਾਨਸਿਕਤਾ ਬਦਲਣ ਦੀ ਬਜਾਏ ਅਧਿਆਪਕਾਂ ਦੀ ਮੰਗੀ ਸਲਾਨਾ ਮੁਲਾਂਕਣ ਰਿਪੋਰਟ (ਏ.ਸੀ.ਆਰ) ਵਿੱਚ ਫਿਰ ਤੋਂ ਅਧਿਆਪਕ ਪਹਿਰਾਵੇ ਬਾਰੇ ਸਵਾਲ ਪੁੱਛਣਾ ਸੱਚਮੁੱਚ ਹੀ ਅਧਿਆਪਕ ਵਰਗ ਖਾਸ ਕਰ ਮਹਿਲਾਂ ਅਧਿਆਪਕਾਂ ਪ੍ਰਤੀ ਵਿਭਾਗ ਦੀ ਰੂੜੀਵਾਦੀ ਸੋਚ ਨੂੰ ਉਭਾਰਦਾ ਹੈ।
ਪੰਜਾਬ ਸਿੱਖਿਆ ਵਿਭਾਗ ਵੱਲੋਂ ਸਾਲ 2016-17 ਲਈ ਅਧਿਆਪਕਾਂ ਦੀ ਸਲਾਨਾ ਗੁਪਤ ਰਿਪੋਰਟ ਵਿੱਚ ਅਧਿਆਪਕਾਂ ਦੇ ਪਹਿਰਾਵੇ ਬਾਰੇ ਸਵਾਲ ਪੁੱਛ ਕੇ ਇੱਕ ਵਾਰ ਫਿਰ ਅਧਿਆਪਕਾਂ ਦੀ ਦੁਖਦੀ ਰਗ ਨੂੰ ਛੇੜਨ ਦਾ ਯਤਨ ਕੀਤਾ ਹੈ। ਪ੍ਰੋਫ਼ਾਰਮੇ ਵਿਚ ਦਿੱਤੇ ਇਸ ਕਾਲਮ ਨੂੰ ਲੈ ਕੇ ਅਧਿਆਪਕ ਵਰਗ ਖਾਸ ਕਰ ਮਹਿਲਾ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਗੌਰਤਲਬ ਹੈ ਕਿ ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਲਾਨਾ ਮੁਲਾਂਕਣ ਰਿਪੋਰਟ (ਏ.ਸੀ.ਆਰ) 2016-17 ਦੇ ਭੇਜੇ ਗਏ ਪ੍ਰੋਫ਼ਾਰਮੇ ਦੇ ਅਨੁਲੱਗ-ਕ : ਸਕੂਲ ਮੁੱਖੀ ਦੇ 5 ਨੰਬਰ ਦੀ ਵੰਡ ਦੇ ਲੜੀ ਨੰਬਰ 3 ਵਿਚ ਫ਼ਿਰ ਤੋਂ ਅਧਿਆਪਕਾਂ ਦੇ ਡਰੈਸ ਅੱਪ/ਪਹਿਰਾਵੇ ਬਾਰੇ ਪੁੱਛਿਆ ਗਿਆ ਹੈ, ਜਿਸ ਸਬੰਧੀ ਸਕੂਲ ਮੁੱਖੀਆਂ ਵੱਲੋਂ ਠੀਕ, ਭੜਕਾਊ ਜਾਂ ਇਤਰਾਜ਼ਯੋਗ ਪਹਿਰਾਵੇ ਤਿੰਨਾਂ ਵਿਚੋਂ ਕਿਸੇ ਇੱਕ ਨੂੰ ਚੁਣਕੇ ਇਸ ਦਾ ਬਕਾਇਦਾ ਅੱਧਾ ਨੰਬਰ ਵੀ ਦਿੱਤਾ ਜਾਵੇਗਾ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅਧਿਆਪਕ ਪਹਿਰਾਵੇ ਖਾਸ ਕਰ ਮਹਿਲਾ ਅਧਿਆਪਕਾਂ ਦੇ ਜੀਨ-ਟੋਪ 'ਤੇ ਪਾਬੰਦੀ ਨੂੰ ਲੈ ਕੇ ਡਾਇਰੈਕਟਰ ਸਿੱਖਿਆ ਵਿਭਾਗ (ਸੈ: ਸਿੱ:) ਵੱਲੋਂ 8 ਮਈ 2017 ਨੂੰ ਪੱਤਰ ਜਾਰੀ ਕਰਨ ਤੋਂ ਉੱਠੇ ਵਿਵਾਦ ਕਾਰਨ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਰੀਸ਼ ਸ਼ੁਕਲਾ ਤੇ ਸਹਾਇਕ ਡਾਇਰੈਕਟਰ ਅਮਰਬੀਰ ਸਿੰਘ ਨੂੰ ਸਸਪੈਂਡ ਕਰਦਿਆਂ ਇਸ ਨੂੰ ਪੱਛੜੀ ਮਾਨਸਿਕਤਾ ਵਾਲਾ ਫੈਸਲਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਕੁੜੀਆਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ ਅਤੇ ਉਨ੍ਹਾਂ ਦੇ ਕੱਪੜਿਆਂ ਬਾਰੇ ਮਾਨਸਿਕਤਾ ਬਦਲਣ ਦੀ ਲੋੜ ਹੈ। ਸਿੱਖਿਆ ਵਿਭਾਗ ਦੇ ਤਾਜ਼ਾ ਏ.ਸੀ.ਆਰ ਪ੍ਰੋਫ਼ਾਰਮੇ ਵਿਚ ਦਿੱਤੇ ਇਸ ਕਾਲਮ ਨੂੰ ਲੈ ਕੇ ਸਮੁੱਚੇ ਅਧਿਆਪਕ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ।
ਉੱਧਰ ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਿੱਖਿਆ ਵਿਭਾਗ ਵੱਲੋਂ ਅਜਿਹੀ ਗੁਪਤ ਰਿਪੋਰਟ ਮੰਗਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੱਖਿਆ ਮੰਤਰੀ ਪੰਜਾਬ ਨੂੰ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਯੂਨੀਅਨ ਆਗੂਆਂ ਬਲਵਿੰਦਰ ਸਿੰਘ ਭੁੱਟੋ, ਨੀਰਜ਼ ਯਾਦਵ, ਰਾਜੀਵ ਹਾਂਡਾ, ਰਜਿੰਦਰ ਸਿੰਘ ਰਾਜਾ, ਸੰਜੀਵ ਟੰਡਨ, ਕਮਲ ਪੁਰੀ, ਭੁਪਿੰਦਰ ਸਿੰਘ, ਸੁਖਜਿੰਦਰ ਸਿੰਘ, ਅਮਿਤ ਸ਼ਰਮਾ ਆਦਿ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੂਣਾ ਚੌਧਰੀ ਵੱਲੋਂ ਅਧਿਆਪਕਾਂ ਲਈ ਡਰੈਸਕੋਡ ਲਾਗੂ ਕਰਨ ਵਾਲੇ ਪੱਤਰ ਦਾ ਪਤਾ ਲੱਗਦਿਆਂ ਹੀ ਪੱਤਰ ਜਾਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਸੀ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਸਾਲਾਨਾ ਮੁਲਾਂਕਣ ਰਿਪੋਰਟ 2016-17 ਵਿੱਚ ਡਰੈਸਕੋਡ ਨੂੰ ਸ਼ਾਮਿਲ ਕਰਨ ਬਾਰੇ ਸਿੱਖਿਆ ਮੰਤਰੀ ਨੇ ਕਿਉਂ ਚੁੱਪੀ ਸਾਧ ਲਈ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਿੱਖਿਆ ਵਿਭਾਗ ਦੀ ਇਸ ਰੂੜੀਵਾਦੀ ਸੋਚ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਵਿਭਾਗ ਆਪਣੀ ਗਲਤੀ ਨਹੀ ਸੁਧਾਰਦਾ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਅਧਿਆਪਕਾਂ ਦੇ ਮਾਣ ਸਤਿਕਾਰ ਲਈ ਸੰਘਰਸ਼ ਕਰੇਗੀ, ਜਿਸ ਦੀ ਜਿੰਮੇਵਾਰੀ ਸਿੱਖਿਆ ਮੰਤਰੀ ਦੀ ਹੋਵੇਗੀ।