ਧਰਨੇ 'ਤੇ ਬੈਠੇ ਕਿਸਾਨ ਅਤੇ ਮੰਗ ਪੱਤਰ ਪ੍ਰਾਪਤ ਕਰਦੇ ਹੋਏ ਅਧਿਕਾਰੀ
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 21 ਜੂਨ, 2017 : ਪੂਰੇ ਦੇਸ਼ ਦੇ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਲਈ ਵਿੱਢੇ ਸੰਘਰਸ਼ ਤਹਿਤ ਭਾਰਤੀ ਕਿਸਾਨ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਦੇ ਸੱਦੇ ਤੇ ਅੱਜ ਵਿਸ਼ਵ ਯੋਗਾ ਦਿਵਸ ਦੇ ਮੌਕੇ ਤਿੰਨ ਜਿਲਿਆਂ ਨਾਲ ਸਬੰਧਤ ਕਿਸਾਨਾਂ ਫਿਰੋਜਪੁਰ ਫਾਜਿਲਕਾ ਸੜਕ ਤੇ ਆਵਾਜਾਈ ਠੱਪ ਕਰਕੇ ਸਰਕਾਰ ਪ੍ਰਤੀ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ । ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਫਿਰੋਜਪੁਰ ਫਾਜਿਲਕਾ ਅਤੇ ਫਰੀਦਕੋਟ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜਾ ਮੁਕਤੀ ਦੇ ਕੀਤੇ ਐਲਾਨ ਦਾ ਮਾਤਰ ਇੱਕ ਪ੍ਰਤੀਸ਼ਤ ਕਿਸਾਨਾਂ ਨੂੰ ਲਾਭ ਮਿਲੇਗਾ ਜਦਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸਾਰੇ ਕਰਜੇ ਮਾਫ ਕਰਨ ਦਾ ਵਾਅਦਾ ਕੀਤਾ ਸੀ।
ਜਿਲਾ ਪ੍ਰਧਾਨ ਫਿਰੋਜਪੁਰ ਅਮਰੀਕ ਸਿੰਘ ਨੇ ਕਿਹਾ ਕਿ ਜਦੋ ਉਦਯੋਗਪਤੀਆਂ ਦੇ ਅਰਬਾਂ ਰੁਪਏ ਦੇ ਕਰਜ ਬਿਮਾਰ ਉਦਯੋਗ ਕਰਾਰ ਦੇ ਕੇ ਖਤਮ ਕੀਤੇ ਜਾ ਸਕਦੇ ਹਨ ਤਾਂ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਮਾੜੀਆਂ ਸਰਕਾਰੀ ਨੀਤੀਆਂ ਕਾਰਨ ਕਰਜ ਦਾ ਸ਼ਿਕਾਰ ਹੋ ਗਏ ਕਿਸਾਨਾਂ ਦੇ ਕਰਜ ਤੇ ਲਕੀਰ ਕਿਊਂ ਨਹੀਂ ਫੇਰੀ ਜਾ ਸਕਦੀ ।
ਮੀਤ ਪ੍ਰਧਾਨ ਪੰਜਾਬ ਸਿਮਰਜੀਤ ਸਿੰਘ ਬਰਾੜ ਨੇ ਕਿਹਾ ਕਿ 5 ਏਕੜ ਦੀ ਸ਼ਰਤ ਖਤਮ ਹੋਣੀ ਚਾਹੀਦੀ ਹੈ ਤਾਂ ਜੋ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਪੰਜਾਬ ਦੀ ਕ੍ਰਿਸਾਨੀ ਨੂੰ ਆਰਥਿਕ ਤੌਰ 'ਤੇ ਮਜਬੂਤ ਕੀਤਾ ਜਾ ਸਕੇ ।
ਜਿਲਾ ਪ੍ਰਧਾਨ ਫਰੀਦਕੋਟ ਸੁਰਜੀਤ ਸਿੰਘ ਹਰੀਏ ਵਾਲਾ ਨੇ ਕਿਹਾ ਕਿ ਕੁਦਰਤੀ ਆਫਤਾਂ ਨਾਲ ਹੁੰਦੇ ਨੁਕਸਾਨ ਦੀ ਪੂਰੀ ਪੂਰਤੀ ਹੋਣੀ ਚਾਹੀਦੀ ਹੈ ਇਸ ਧਰਨੇ ਵਿਚ ਹਰੀ ਸਿੰਘ ਬਲਾਕ ਪ੍ਰਧਾਨ, ਸੁਖਦੇਵ ਬਿਟੂ, ਗੁਰਮੀਤ ਸਿੰਘ ਮੁਕਤਸਰ, ਸੁਰਜੀਤ ਸਿੰਘ, ਅਮਰੀਕ ਸਿੰਘ ਹਾਮਦ, ਗੰਮਦੂਰ ਸਿੰਘ ਫਰੀਦਕੋਟ, ਜਸਵੀਰ ਸਿੰਘ ਜੰਡਵਾਲਾ ਨੇ ਵੀ ਸਬੋਧਨ ਕੀਤਾ।
ਮੌਕੇ 'ਤੇ ਪੁੱਜੇ ਡੀ ਐਸ ਪੀ ਗੁਰਹਰਸਹਾਏ ਲਖਵੀਰ ਸਿੰਘ ਰੰਧਾਵਾ,ਅਤੇ ਨਾਇਬ ਤਹਿਸੀਲਦਾਰ ਪ੍ਰਸ਼ੋਤਮ ਕੁਮਾਰ ਵੱਲੋ ਮੰਗ ਪੱਤਰ ਪ੍ਰਾਪਤ ਕਰਨ ਬਾਅਦ ਕਿਸਾਨਾਂ ਨੇ ਧਰਨਾਂ ਖਤਮ ਕਰਕੇ ਆਵਾਜਾਈ ਖੋਲ ਦਿੱਤੀ ਗਈ।