ਜਲੰਧਰ, 21 ਜੂਨ, 2017 : ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਭਾਈ ਲਾਲੋਆਂ ਦੇ ਸ਼੍ਰੋਮਣੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਯਾਦ ‘ਚ 25 ਜੂਨ ਦਿਨੇ 11 ਵਜੇ ਨਵੀਂ ਦਾਣਾ ਮੰਡੀ (ਸਿਰਸਾ ਰੋਡ) ਮਾਨਸਾ ਵਿਖੇ ਪ੍ਰੋ. ਅਜਮੇਰ ਸਿੰਘ ਔਲਖ ਦੇ ਪਰਿਵਾਰ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਲੋਕ ਕਲਾ ਮੰਚ ਮਾਨਸਾ ਵੱਲੋਂ ਹੋ ਰਹੇ ਸੂਬਾਈ ਸ਼ਰਧਾਂਜ਼ਲੀ ਸਮਾਗਮ ‘ਚ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੇਖਕਾਂ, ਬੁੱਧੀਜੀਵੀਆਂ, ਨਾਟਕਕਾਰਾਂ, ਸਾਹਿਤਕ/ਸਭਿਆਚਾਰਕ ਜਗਤ ਨਾਲ ਜੁੜੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਆਪਣੇ ਪਰਿਵਾਰ ਦੀ ਅਹਿਮ ਸਖਸ਼ੀਅਤ ਪ੍ਰੋ. ਅਜਮੇਰ ਸਿੰਘ ਔਲਖ ਦੇ ਨਾਟ-ਸੰਸਾਰ, ਹੋਰ ਸਾਹਿਤਕ ਸਿਰਜਣਾ, ਪ੍ਰਤੀਬੱਧਤਾ, ਸਿਰੜ, ਸਿਦਕਦਿਲੀ ਅਤੇ ਦੱਬੇ ਕੁੱਚਲੇ ਲੋਕਾਂ ਲਈ ਸਮਰਪਤ ਜੀਵਨ ਦੇ ਸਿਰਜੇ ਅਮੁੱਲੇ ਆਦਰਸ਼ਾਂ ਨੂੰ ਸਦਾ ਬੁਲੰਦ ਰੱਖੇਗੀ।।
ਉਹਨਾਂ ਦੱਸਿਆ ਕਿ ਪ੍ਰੋ. ਅਜਮੇਰ ਸਿੰਘ ਔਲਖ ਨੂੰ ਵਿਸ਼ੇਸ਼ ਅਕੀਦਤ ਭੇਂਟ ਕਰਦਿਆਂ ਸਿਖਿਆਰਥੀ ਚੇਤਨਾ ਕੈਂਪ ਦਾ ਆਗਾਜ਼ ਭਲਕੇ 23 ਜੂਨ ਠੀਕ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਏਗਾ। ਇਸ ਦੇ ਆਗਾਜ਼ ਮੌਕੇ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਜਿਥੇ ਪ੍ਰੋ. ਔਲਖ ਨੂੰ ਸ਼ਰਧਾਂਜ਼ਲੀ ਦੇਣਗੇ, ਉਥੇ ਚੇਤਨਾ ਕੈਂਪ ਦੇ ਮਹੱਤਵ ਬਾਰੇ ਰੌਸ਼ਨੀ ਪਾਉਣਗੇ। ਵੱਖ-ਵੱਖ ਵਿਸ਼ਿਆਂ ਤੇ 23 ਅਤੇ 24 ਜੂਨ ਨੂੰ ਡਾ. ਸੇਵਾ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਦਰਸ਼ਨ ਖਟਕੜ ਅਤੇ ਡਾ. ਪਰਮਿੰਦਰ ਭਾਸ਼ਣ ਦੇਣਗੇ।
23 ਜੂਨ ਸ਼ਾਮ 5 ਵਜੇ ‘ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ‘ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਏਗੀ ਅਤੇ 24 ਜੂਨ ਸ਼ਾਮ 4 ਵਜੇ ‘ਬਾਗ਼ੀ ਸਰਾਭਾ‘ ਨਾਟਕ ਪੜ੍ਹਿਆ ਜਾਵੇਗਾ।
ਜ਼ਿਕਰਯੋਗ ਹੈ ਕਿ 25 ਜੂਨ ਨੂੰ ਪ੍ਰੋ. ਅਜਮੇਰ ਸਿੰਘ ਔਲਖ ਸ਼ਰਧਾਂਜ਼ਲੀ ਸਮਾਗਮ ਕਾਰਨ ਸਿਖਿਆਰਥੀ ਚੇਤਨਾ ਕੈਂਪ ਹੁਣ 24 ਜੂਨ ਸ਼ਾਮ ਨੂੰ ਹੀ ਸਿਖਿਆਰਥੀਆਂ ਨੂੰ ਸਨਮਾਨਤ ਕਰਕੇ ਸਮਾਪਤ ਹੋ ਜਾਏਗਾ ਜੋ ਕਿ ਪਹਿਲਾਂ 25 ਜੂਨ ਸਵੇਰੇ ਸਮਾਪਤ ਹੋਣਾ ਸੀ।