ਚੰਡੀਗੜ੍ਹ, 29 ਮਈ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਰਮਚਾਰੀਆਂ ਅਤੇ ਨੌਕਰਾਂ ਵਲੋਂ ਖਰੀਦੀਆਂ ਕਰੋੜਾਂ ਰੁਪਏ ਦੀਆਂ ਰੇਤ ਦੀਆਂ ਖੱਡਾਂ ਬਾਰੇ ਨਿਆਂਇਕ ਜਾਂਚ ਦੇ ਹੁਕਮ ਨੂੰ ਗੋਂਗਲੂਆਂ ਤੋਂ ਮਿੱਟੀ ਝਾੜਣ ਦੇ ਤੁੱਲ ਕਰਾਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਸਮੁੱਚੇ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਵਾਸਤੇ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਨੇ ਕਿਹਾ ਰਾਣਾ ਗੁਰਜੀਤ ਖਿਲਾਫ ਲੱਗੇ ਦੋਸ਼ ਚਿੱਟੇ ਦਿਨ ਵਾਂਗ ਸਾਫ ਹਨ। ਰਾਣਾ ਸਵੀਕਾਰ ਕਰ ਚੁੱਕਿਆ ਹੈ ਕਿ ਕੁੱਝ ਹਜ਼ਾਰ ਰੁਪਏ ਦੀ ਨੌਕਰੀ ਕਰਨ ਵਾਲੇ ਉਸ ਦੇ ਨੇਪਾਲੀ ਖਾਨਸਾਮੇ ਨੇ 26 ਕਰੋੜ ਰੁਪਏ ਦੀ ਬੋਲੀ ਦੇ ਕੇ ਰੇਤੇ ਦੀ ਖੱਡ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਰਾਣਾ ਦੇ ਦੂਜੇ ਕਰਮਚਾਰੀਆਂ ਨੇ ਵੀ ਰੇਤੇ ਦੀਆਂ ਖੱਡਾਂ ਲੈਣ ਲਈ 50 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਮੰਤਰੀ ਇਹ ਸਾਰੀਆਂ ਗੱਲਾਂ ਸਵੀਕਾਰ ਕਰ ਚੁੱਕਿਆ ਹੈ ਅਤੇ ਉਸ ਨੇ ਜੁਆਬ ਵਿਚ ਇਹ ਬਹਾਨਾ ਘੜਿਆ ਹੈ ਕਿ ਇਹਨਾਂ ਬੰਦਿਆਂ ਨੇ ਕੁੱਝ ਸਮਾਂ ਪਹਿਲਾਂ ਉਸ ਦੀ ਨੌਕਰੀ ਛੱਡ ਦਿੱਤੀ ਸੀ। ਇਸ ਗੱਲ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਅਕਾਲੀ ਆਗੂ ਨੇ ਕਿਹਾ ਕਿ ਨਿਆਂਇਕ ਜਾਂਚ ਇਸ ਮਸਲੇ ਵਾਸਤੇ ਢੁੱਕਵੀਂ ਸਾਬਿਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਇਹ ਸਿੱਧਾ ਅਤੇ ਸਪੱਸ਼ਟ ਭ੍ਰਿਸ਼ਟਾਚਾਰ, ਬੇਨਾਮੀ ਸੌਦਿਆਂ ਅਤੇ ਸੰਭਾਵੀ ਤੌਰ ਤੇ ਹਵਾਲਾ ਲੈਣ-ਦੇਣ ਦਾ ਮਾਮਲਾ ਹੈ। ਇਸ ਕੇਸ ਦੀ ਸਹੀ ਜਾਂਚ ਤਦ ਹੀ ਹੋ ਸਕਦੀ ਸੀ, ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੌਂਪਿਆ ਹੁੰਦਾ ਅਤੇ ਆਮਦਨ ਕਰ ਅਧਿਕਾਰੀਆਂ ਨੂੰ ਵੀ ਜਾਂਚ ਵਿਚ ਸ਼ਾਮਿਲ ਕੀਤਾ ਹੁੰਦਾ। ਇਹਨਾਂ ਏਜੰਸੀਆਂ ਨੇ ਜਾਂਚ ਰਾਹੀਂ ਸਾਰਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਾ ਸੀ ਕਿ ਕਿਸ ਤਰ੍ਹਾਂ ਜੇਬ ਵਿਚ ਚਾਰ ਛਿੱਲੜ ਰੱਖਣ ਵਾਲਿਆਂ ਦੇ ਨਾਂ ਉੱਤੇ ਰੇਤ ਦੀਆਂ ਖੱਡਾਂ ਖਰੀਦੀਆਂ ਗਈਆਂ ਹਨ। ਜੇਕਰ ਮੰਤਰੀ ਨੂੰ ਬਰਖਾਸਤ ਨਾ ਕੀਤਾ ਗਿਆ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਮੁੱਖ ਗਵਾਹਾਂ ਖ਼ਿਲਾਫ ਆਪਣਾ ਰਸੂਖ ਵਰਤੇਗਾ ਅਤੇ ਇਸ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਸੰਭਵ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਨੰਗੇ ਚਿੱਟੇ ਰੂਪ ਵਿਚ ਰਾਣਾ ਗੁਰਜੀਤ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਕਰਮਚਾਰੀਆਂ ਦੇ ਨਾਂ ਉੱਤੇ ਰੇਤ ਦੀਆਂ ਖੱਡਾਂ ਹਾਸਿਲ ਕੀਤੀਆਂ ਹਨ, ਇਸ ਨਾਲ ਲੋਕਾਂ ਦਾ ਨਵੀਂ ਸਰਕਾਰ ਉੱਤੋਂ ਭਰੋਸਾ ਪੂਰੀ ਤਰ੍ਹਾਂ ਹਿੱਲ ਗਿਆ ਹੈ। ਡਾਕਟਰ ਚੀਮਾ ਨੇ ਕਿਹਾ ਕਿ ਸਰਕਾਰ ਨੂੰ ਸਖਤ ਫੈਸਲਾ ਲੈਂਦੇ ਹੋਏ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਖਿਲਾਫ ਸਪੱਸ਼ਟ ਸੁਨੇਹਾ ਦੇਣਾ ਚਾਹੀਦਾ ਸੀ। ਇਹ ਭ੍ਰਿਸ਼ਟਾਚਾਰ ਦਾ ਬਿੱਲਕੁੱਲ ਨੰਗਾ-ਚਿੱਟਾ ਮਾਮਲਾ ਹੈ। ਇੱਥੇ ਨਵੀਂ ਸਰਕਾਰ ਦੋਸ਼ੀਆਂ ਦੀ ਵਕਾਲਤ ਨਹੀਂ ਕਰ ਸਕੇਗੀ। ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਦੋਸ਼ੀ ਮੰਤਰੀ ਨੂੰ ਬਰਖਾਸਤ ਕਰਨ ਦੀ ਥਾਂ ਕਮਿਸ਼ਨ ਬਣਾਉਣ ਦੇ ਰਾਹ ਪੈ ਗਈ ਹੈ। ਜਿਸ ਨਾਲ ਇਹ ਸੁਨੇਹਾ ਗਿਆ ਹੈ ਕਿ ਸਰਕਾਰ ਰਾਣਾ ਗੁਰਜੀਤ ਨੂੰ ਬਚਾਉਣਾ ਚਾਹੁੰਦੀ ਹੈ। ਇਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਦਾ ਭਰੋਸਾ ਤੋੜਣ ਅਤੇ ਸੂਬੇ ਦੇ ਰੇਤਾ ਬਜਰੀ ਦੇ ਕਾਰੋਬਾਰ ਨੂੰ ਸੰਨ੍ਹ ਲਾਉਣ ਵਾਸਤੇ ਰਾਣਾ ਗੁਰਜੀਤ ਨੂੰ ਸਜ਼ਾ ਦਿਵਾਉਣ ਲਈ ਅਕਾਲੀ ਦਲ ਸਾਰੇ ਹੀਲੇ ਵਸੀਲੇ ਇਸਤੇਮਾਲ ਵਿਚ ਲਿਆਵੇਗਾ। ਅਕਾਲੀ ਦਲ ਨੇ ਇਹ ਨੁਕਤਾ ਵੀ ਉਠਾਇਆ ਕਿ ਰਾਣਾ ਗੁਰਜੀਤ ਦੇ ਬੇਨਾਮੀ ਸੌਦਿਆਂ ਨੂੰ ਸਿਰੇ ਚੜਾਉਣ ਵਾਲੇ ਅਧਿਕਾਰੀਆਂ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਜਿਹੇ ਅਧਿਕਾਰੀਆਂ ਦੀ ਸ਼ਨਾਖਤ ਹੋਣੀ ਚਾਹੀਦੀ ਹੈ ਅਤੇ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।