ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਸਥਿਤ ਮਿਉਜ਼ੀਅਮ ਵਿਖੇ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਨੂੰ ਰੱਖਣ ਸਮੇ ਡੀ. ਆਈ.ਜੀ ਬੀ.ਐਸ.ਐਫ ਫਿਰੋਜ਼ਪੁਰ ਬੀ.ਐਸ. ਰਾਜਪੁਰੋਹਿਤ ਤੇ ਹੋਰ ਅਧਿਕਾਰੀ। ਇਨਸੈਟ ਸ਼ਹੀਦ ਭਗਤ ਸਿੰਘ ਦੀ ਪਿਸਤੌਲ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 29 ਮਈ, 2017 : ਬੀਤੇ ਕੁਝ ਸਮੇਂ ਤੋ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਨੂੰ ਪੱਕੇ ਤੌਰ 'ਤੇ ਰੱਖਣ ਲਈ ਚੱਲ ਰਹੀ ਚਰਚਾ ਦਾ ਆਖਿਰ ਉਦੋ ਅੰਤ ਹੋ ਗਿਆ ਜਦੋ ਸ਼ਹੀਦ ਭਗਤ ਸਿੰਘ ਦੇ ਕੋਲਟ ਕੰਪਨੀ ਦੇ ਬਣੇ ਪਿਸਤੌਲ (ਨੰਬਰ 168896) ਨੂੰ ਆਖਿਰ ਹੁਸੈਨੀਵਾਲਾ ਵਿਖੇ ਹਿੰਦ-ਪਾਕਿ ਸਰਹੱਦ 'ਤੇ ਬਣੇ ਮਿਊਜੀਅਮ ਵਿੱਚ ਪੱਕੇ ਤੌਰ ਤੇ ਰੱਖ ਦਿੱਤਾ ਗਿਆ। ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਸਥਿਤ ਰੀਟਰੀਟ ਸੈਰੇਮਨੀ ਪੁਆਇੰਟ ਦੇ ਨਜ਼ਦੀਕ ਨਵ-ਨਿਮਰਤ ਮਿਊਜੀਅਮ ਦਾ ਉਦਘਾਟਨ ਬੀ.ਐਸ.ਐਫ ਵੱਲੋ ਬੜੇ ਹੀ ਸਾਦਾ ਢੰਗ ਨਾਲ ਆਯੋਜ਼ਿਤ ਸਮਾਗਮ ਦੌਰਾਨ ਬੀਤੀ ਸ਼ਾਮ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਨੂੰ ਪੱਕੇ ਤੌਰ 'ਤੇ ਰੱਖ ਕੇ ਕੀਤਾ ਗਿਆ। ਇਸ ਦੇ ਨਾਲ ਹੀ ਪਿਛਲੇ ਲੰਬੇ ਸਮੇਂ ਤੋਂ ਸ਼ਹੀਦ ਭਗਤ ਸਿੰਘ ਦੀ ਇਸ ਪਿਸਤੌਲ ਨੂੰ ਫ਼ਿਰੋਜ਼ਪੁਰ ਦੇ ਤੂੜੀ ਬਜ਼ਾਰ ਸਥਿਤ ਸ਼ਹੀਦ ਭਗਤ ਸਿੰਘ ਤੇ ਕ੍ਰਾਂਤੀਕਾਰੀ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਬਣਾ ਕੇ ਉੱਥੇ ਰੱਖਣ ਦੀ ਉਠਦੀ ਆ ਰਹੀ ਮੰਗ ਨੂੰ ਵੀ ਅੱਜ ਵਿਰਾਮ ਲੱਗ ਗਿਆ।
ਜਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਦੀ ਪੰਜਾਬ ਦੇ ਜਿਲਾ ਫਿਰੋਜਪੁਰ ਦੇ ਹੁਸੈਨੀਵਾਲਾ ਵਿਖੇ ਲਿਆਦੀ ਗਈ ਪੁਆਇੰਟ 32 ਬੋਰ ਦੀ ਇਸ ਪਿਸਤੌਲ ਨੂੰ 22 ਦਸੰਬਰ 1903 ਵਿਚ ਅਮਰੀਕਾ ਦੀ ਕੋਲਟ ਕੰਪਨੀ ਵੱਲੋ ਬਣਾਇਆ ਗਿਆ ਸੀ। ਜਿਸ ਨਾਲ 17 ਦਸੰਬਰ 1928 ਨੂੰ ਪੰਜਾਬ ਸਿਵਲ ਸੈਕਟਰੀਏਟ ਲਾਹੌਰ ਦੇ ਬਾਹਰ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਕ੍ਰਾਂਤੀਕਾਰੀ ਸਾਥੀਆਂ ਨੇ ਜੌਹਨ ਸਾਂਡਰਸ ਨੂੰ ਮਾਰਿਆ ਸੀ । 1969 ਤੱਕ ਇਹ ਪਿਸਤੌਲ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਰਹੀ ਜਦ ਕਿ ਬਾਅਦ ਵਿਚ ਬੀ.ਐਸ.ਐਫ ਨੂੰ ਟਰੈਨਿੰਗ ਦੇਣ ਦੇ ਮਕਸਦ ਨਾਲ ਕੇਦਰੀ ਵਿਦਿਆਲਿਆ ਇੰਦੋਰ ਵਿਖੇ ਬੀ.ਐਸ.ਐਫ ਹੈਡ ਕੁਆਟਰ ਵਿਖੇ ਰੱਖ ਦਿੱਤਾ ਗਿਆ। ਲੋਕਾਂ ਦੀ ਮੰਗ ਅਨੁਸਾਰ ਇਸ ਪਿਸਤੌਲ ਨੂੰ ਪੰਜਾਬ ਵਿਖੇ ਲਿਆਂਦਾ ਗਿਆ ਅਤੇ ਇਸ ਨੂੰ ਪੱਕੇ ਤੌਰ 'ਤੇ ਰੱਖਣ ਵਾਸਤੇ ਚੱਲੀ ਲੰਮੀ ਜਦੋ ਜ਼ਹਿਦ ਉਪਰੰਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕਾਂ ਇਥੇ ਹੋਣ ਕਾਰਨ ਬੀਤੀ ਸ਼ਾਮ ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ (ਫਿਰੋਜਪੁਰ) ਵਿਖੇ ਨਵੇ ਬਣੇ ਮਿਊਜੀਅਮ ਵਿਚ ਰੱਖ ਦਿੱਤਾ ਗਿਆ ਹੈ।
ਹੁਸੈਨੀਵਾਲਾ ਵਿਖੇ ਮਿਊਜੀਅਮ ਦੀ ਸ਼ੁਰੂਆਤ ਕਰਨ ਮੌਕੇ ਡੀ.ਆਈ.ਜੀ. ਬੀ.ਐਸ.ਐਫ ਫ਼ਿਰੋਜ਼ਪੁਰ ਸੈਕਟਰ ਬੀ.ਐਸ. ਰਾਜਪੁਰੋਹਿਤ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਨੂੰ ਇਸ ਮਿਊਜੀਅਮ 'ਚ ਰੱਖੇ ਜਾਣਾ ਫਿਰੋਜਪੁਰ ਲਈ ਬੜੇ ਮਾਨ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਇਸ ਮਿਊਜੀਅਮ ਵਿਚ ਸ਼ਹੀਦ ਸੁਖਦੇਵ ਦੀਆਂ ਲਿਖੀਆਂ ਕੁਝ ਚਿੱਠੀਆਂ ਅਤੇ ਮਹਾਤਮਾ ਗਾਂਧੀ ਵੱਲੋ ਦਿੱਤੇ ਜੁਆਬਾਂ ਤੋ ਇਲਾਵਾ ਬੀ.ਐਸ.ਐਫ ਨਾਲ ਸਬੰਧਤ ਜਾਣਕਾਰੀ ਰੱਖੀ ਗਈ ਹੈ। ਡੀ.ਆਈ.ਜੀ ਨੇ ਦੱਸਿਆ ਕਿ ਮਿਊਜ਼ੀਅਮ ਦੇ ਮੁੱਖ ਗੇਟ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਮੂਰਤੀਆਂ ਲਗਾਈਆਂ ਹਨ। ਮਿਊਜੀਅਮ ਦੀ ਗੈਲਰੀ ਵਿਚ ਬੀ.ਐਸ.ਐਫ ਦੇ ਸਰਹੱਦੀ ਮਾਡਲ ਸਮੇਤ ਪੰਜਾਬ ਸਰਹੱਦ ਮਾਡਲ, ਰਾਜਸਥਾਨ ਮਾਡਲ, ਪੱਛਮੀ ਬੰਗਾਲ ਸਰਹੱਦ ਮਾਡਲ ਤੋ ਇਲਾਵਾ ਬੀ.ਐਸ.ਐਫ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਡੀ.ਆਈ.ਜੀ ਸ਼੍ਰੀ ਰਾਜਪੁਰੋਹਿਤ ਨੇ ਦੱਸਿਆ ਕਿ ਇਸ ਮਿਊਜ਼ੀਅਮ ਨੂੰ ਦੇਖਣ ਵਾਸਤੇ ਆਮ ਲੋਕਾਂ ਲਈ ਰੀਟਰੀਟ ਸੈਰੇਮਨੀ ਦੇ ਸਮੇ ਸ਼ਾਮ ਵੇਲੇ ਖੋਲਿਆ ਜਾਵੇਗਾ ਅਤੇ ਐਤਵਾਰ ਤੋਂ ਆਮ ਲੋਕਾਂ ਲਈ ਇਸ ਨੂੰ ਖੋਲ ਦਿੱਤਾ ਜਾਵੇਗਾ। ਇਸ ਮੌਕੇ ਬੀ.ਐਸ.ਐਫ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।