ਭਗਵੰਤ ਦੇ ਬਿਆਨ ਤੇ ਫੂਲਕਾ ਦਾ ਮੋੜਵਾਂ ਹੱਲਾ, ਕਿਹਾ ਆਪਣੇ ਅੰਦਰ ਵੀ ਝਾਤੀ ਮਾਰੋ
ਪੰਜਾਬ ਚੋਣਾਂ, ਰਾਜੌਰੀ ਗਾਰਡਨ ਤੇ ਐਮ.ਸੀ.ਡੀ ਚੋਣਾਂ ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿੱਚ ਖਿਚੋਤਾਣ ਸ਼ੁਰੂ ਹੋ ਗਈ ਹੈ। ਭਗਵੰਤ ਮਾਨ ਵੱਲੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਖਿਲਾਫ ਦਿੱਤੇ ਪ੍ਰਤੀਕਰਮ ਦੀਆਂ ਹੋ ਰਹੀਆਂ ਚਰਚਾਵਾਂ ਦੇ ਵਿੱਚ ਆਪ ਦੇ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ ਐਸ ਫੂਲਕਾ ਨੇ ਭਗਵੰਤ ਮਾਨ ਤੇ ਮੋੜਵਾਂ ਹਮਲਾ ਬੋਲ ਦਿੱਤਾ ਹੈ। ਫੂਲਕਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਚੋਣਾਂ ਚ ਹੋਈ ਹਾਰ ਦਾ ਸਾਰਾ ਨਜਲਾ ਕੇਂਦਰੀ ਲੀਡਰਸ਼ਿਪ ਤੇ ਸਿੱਟਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਨਾਲ ਹੀ ਫੂਲਕਾ ਨੇ ਪਿਛਲੇ ਸਮੇਂ ਚ ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਵਰਗੇ ਨੇਤਾਵਾਂ ਨੂੰ ਪਾਰਟੀ ਚ ਸ਼ਾਮਿਲ ਹੋਣ ਤੋਂ ਰੋਕਣ ਲਈ ਅਸਿੱਧੇ ਤੌਰ ਤੇ ਭਗਵੰਤ ਨੂੰ ਜਿੰਮੇਵਾਰ ਠਹਿਰਾਇਆ। ਫੂਲਕਾ ਨੇ ਿੲਹ ਜਰੂਰ ਮੰਨਿਆ ਕਿ ਪਾਰਟੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਾਂ ਕਰਨਾ ਚੋਣਾਂ ਹਾਰਨ ਦਾ ਵੱਡਾ ਕਾਰਨ ਸੀ। ਦਿੱਲੀ ਨਗਰ ਨਿਗਮ ਚੋਣਾਂ ਚ ਮਿਲੀ ਹਾਰ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਕੇਜਰੀਵਾਲ ਦਾ ਅਸਤੀਫਾ ਮੰਗੇ ਜਾਣ ਦਾ ਵਿਰੋਧ ਕਰਦਿਆਂ ਫੂਲਕਾ ਨੇ ਕਿਹਾ ਕਿ ਹਰ ਮਸਲੇ ਚ ਨਾਕਾਮੀ ਲਈ ਕੇਂਦਰੀ ਲੀਡਰਸ਼ਿਪ ਨੂੰ ਦੋਸ਼ ਦੇਣਾ ਠੀਕ ਨਹੀਂ ਹੁੰਦਾ।