ਨਵੀਂ ਦਿੱਲੀ, 25 ਮਾਰਚ, 2017 : ਕੇਂਦਰ ਸਰਕਾਰ ਨੇ ਉਤਰਾਖੰਡ 'ਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵਿਸ਼ਵ ਬੈਂਕ ਨਾਲ ਇਕ ਸਮਝੌਤਾ ਕੀਤਾ ਹੈ। ਵਿੱਤ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਮੁਤਾਬਕ, ਇਸ ਸਮਝੌਤੇ ਦੇ ਤਹਿਤ ਉਤਰਾਖੰਡ 'ਚ ਸਿਹਤ ਸੇਵਾਵਾਂ ਨੂੰ ਹੋਰ ਵਧੀਆ ਬਣਾਇਆ ਜਾਵੇਗਾ। ਇਸ ਰਾਹੀਂ ਵਿਸ਼ੇਸ਼ ਰੂਪ ਨਾਲ ਸੂਬੇ ਦੇ ਪੂਰਬੀ ਜ਼ਿਲਿਆਂ ਲਈ ਵਿਸ਼ੇਸ਼ ਯੋਜਨਾ ਚਲਾਈ ਜਾਵੇਗੀ। ਯੋਜਨਾ 'ਤੇ ਕੁੱਲ 12.50 ਕਰੋੜ ਡਾਲਰ ਖਰਚ ਕੀਤੇ ਜਾਣਗੇ। ਇਸ 'ਚੋਂ 10 ਕਰੋੜ ਡਾਲਰ ਦੀ ਰਾਸ਼ੀ ਵਿਸ਼ਵ ਬੈਂਕ ਦੇਵੇਗਾ ਅਤੇ ਢਾਈ ਕਰੋੜ ਡਾਲਰ ਸੂਬਾ ਸਰਕਾਰ ਦੇਵੇਗੀ। ਸਮਝੌਤੇ 'ਤੇ ਭਾਰਤ ਸਰਕਾਰ ਵਲੋਂ ਆਰਥਿਕ ਮਾਮਲਿਆਂ ਦੇ ਵਿਭਾਗ 'ਚ ਸੰਯੁਕਤ ਸਕੱਤਰ ਰਾਜ ਕੁਮਾਰ ਅਤੇ ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰ (ਭਾਰਤ) ਹਿਸ਼ਮਾਨ ਅਬਦੋ ਨੇ ਦਸਤਖਤ ਕੀਤੇ।