ਨਵੀਂ ਦਿੱਲੀ, 25 ਮਾਰਚ, 2017 :ਏਅਰ ਇੰਡੀਆ ਦੇ ਇਕ ਕਰਮਚਾਰੀ ਨਾਲ ਕੁੱਟਮਾਰ ਕਰਨ 'ਤੇ ਘਰੇਲੂ ਏਅਰਲਾਈਨਾਂ ਵੱਲੋਂ ਲਾਈਆਂ ਗਈਆਂ ਉਡਾਣ ਪਾਬੰਦੀਆਂ ਕਾਰਨ ਸ਼ਿਵ ਸੈਨਾ ਐੱਮ.ਪੀ. ਰਵਿੰਦਰ ਗਾਇਕਵਾੜ ਨੂੰ ਸ਼ਨੀਵਾਰ ਨੂੰ ਟਰੇਨ 'ਤੇ ਯਾਤਰਾ ਕਰਨੀ ਪਈ। ਹਾਲਾਂਕਿ ਟਰੇਨ 'ਚ ਵੀ ਵਿਵਾਦ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਟਰੇਨ 'ਚ ਜਦੋਂ ਮੀਡੀਆ ਕਰਮਚਾਰੀਆਂ ਨੇ ਉਨ੍ਹਾਂ ਨਾਲ ਜਹਾਜ਼ 'ਚ ਹੋਈ ਕੁੱਟਮਾਰ ਦੀ ਘਟਨਾ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਾਰ-ਵਾਰ ਸਵਾਲ 'ਤੇ ਉਹ ਭੜਕ ਵੀ ਗਏ ਅਤੇ ਪੁਲਸ ਨੂੰ ਮੀਡੀਆ ਵਾਲਿਆਂ ਨੂੰ ਬਾਹਰ ਕੱਢਣ ਲਈ ਕਿਹਾ।
ਟਰੇਨ 'ਚ ਐੱਮ.ਪੀ. ਰਵਿੰਦਰ ਗਾਇਕਵਾੜ ਦੀ ਹਾਈ ਬੀਪੀ ਦੀ ਸ਼ਿਕਾਇਤ 'ਤੇ ਮਥੁਰਾ 'ਚ ਟਰੇਨ ਨੂੰ ਰੋਕ ਕੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਜਾਂਚ 'ਚ ਬਲੱਡ ਪ੍ਰੈਸ਼ਰ ਆਮ ਪਾਇਆ ਗਿਆ। ਇਸ ਕਾਰਨ ਟਰੇਨ ਨੂੰ 2 ਮਿੰਟ ਐਡੀਸ਼ਨਲ ਮਥੁਰਾ ਜੰਕਸ਼ਨ 'ਤੇ ਰੋਕਿਆ ਗਿਆ। ਦਿੱਲੀ ਤੋਂ ਟਰੇਨ ਰਵਾਨਾ ਹੋਣ ਤੋਂ ਬਾਅਦ, ਐੱਮ.ਪੀ. ਨੇ ਕੋਚ ਕੰਡਕਟਰ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਕੀਤੀ। ਇਸ 'ਤੇ ਕੋਚ ਕੰਡਕਟਰ ਨੇ ਆਗਰਾ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਟਰੇਨ ਦਾ ਮਥੁਰਾ 'ਚ ਤਿੰਨ ਮਿੰਟ ਦਾ ਸਟਾਪੇਜ ਹੈ। ਰੇਲਵੇ ਦੇ ਡਾ. ਧੀਰੇਂਦਰ ਗੁਪਤਾ ਨੇ ਮਥੁਰਾ 'ਚ ਐੱਮ.ਪੀ. ਦਾ ਚੈਕਅੱਪ ਕੀਤਾ। ਜਾਂਚ 'ਚ ਗਾਇਕਵਾੜ ਦਾ ਬਲੱਡ ਪ੍ਰੈਸ਼ਰ ਨਾਰਮਲ ਪਾਇਆ ਗਿਆ।
ਘਰੇਲੂ ਏਅਰਲਾਈਨ ਕੰਪਨੀਆਂ ਵੱਲੋਂ ਸ਼ਿਵ ਸੈਨਾ ਐੱਮ.ਪੀ. ਰਵਿੰਦਰ ਗਾਇਕਵਾੜ ਦੇ ਆਪਣੇ ਜਹਾਜ਼ਾਂ 'ਚ ਸਫਰ ਕਰਨ 'ਤੇ ਰੋਕ ਲਾਉਣ ਦਰਮਿਆਨ ਸਰਕਾਰ ਨੇ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ, ਜਿਸ ਕਾਰਨ ਅਜਿਹੀ ਰੋਕ ਲਾਈ ਜਾ ਸਕੇ। ਕਾਨੂੰਨ ਰਾਜ ਮੰਤਰੀ ਪੀ.ਪੀ. ਚੌਧਰੀ ਨੇ ਇਕ ਨਿੱਜੀ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਉਸ ਨੂੰ ਜਹਾਜ਼ 'ਚ ਸਫਰ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ।