ਨਵੀਂ ਦਿੱਲੀ, 25 ਮਾਰਚ, 2017 :ਦਿੱਲੀ 'ਚ ਐੱਮ.ਸੀ.ਡੀ. ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਜੇਕਰ ਦਿੱਲੀ ਦੀਆਂ ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਰਿਹਾਇਸ਼ੀ ਘਰਾਂ 'ਤੇ ਹਾਊਸ ਟੈਕਸ ਖਤਮ ਕਰ ਦਿੱਤਾ ਜਾਵੇਗਾ, ਨਾਲ ਹੀ ਬਕਾਇਆ ਹਾਊਸ ਟੈਕਸ ਨੂੰ ਵੀ ਸਰਕਾਰ ਮੁਆਫ਼ ਕਰ ਦੇਵੇਗੀ।
ਕੇਜਰੀਵਾਲ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ ਲੋਕਾਂ ਨੇ ਐੱਮ.ਸੀ.ਡੀ. ਦੇ ਖਾਤਿਆਂ ਦੀ ਜਾਂਚ ਕੀਤੀ ਹੈ ਅਤੇ ਉੱਥੇ ਬਹੁਤ ਗੜਬੜੀ ਮਿਲੀ ਹੈ। ਦਿੱਲੀ ਦੇ ਲੋਕ ਟੈਕਸ ਤਾਂ ਦੇ ਰਹੇ ਹਨ ਪਰ ਇਸ ਟੈਕਸ ਦੀ ਚੋਰੀ ਹੋ ਰਹੀ ਹੈ, ਜੇਕਰ 'ਆਪ' ਚੋਣਾਂ ਜਿੱਤ ਜਾਂਦੀ ਹੈ ਤਾਂ ਕਿਸੇ ਨੂੰ ਵੀ ਰਿਹਾਇਸ਼ੀ ਟੈਕਸ ਦੇਣ ਦੀ ਲੋੜ ਹੀ ਨਹੀਂ ਪਵੇਗੀ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ,''ਅਸੀਂ ਵਿਧਾਨ ਸਭਾ ਚੋਣਾਂ 'ਚ ਕੀਤੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਅਤੇ ਅੱਗੇ ਵੀ ਆਪਣੇ ਵਾਅਦਿਆਂ ਨੂੰ ਪੂਰਾ ਕਰਾਂਗੇ।'