ਨਵੀਂ ਦਿੱਲੀ, 17 ਜਨਵਰੀ, 2017 : ਕੇਂਦਰ ਸਰਕਾਰ ਵੱਲੋਂ ਆਮ ਬਜਟ ਪੇਸ਼ ਕਰਨ ਵਿਚ ਕੁਝ ਹੀ ਦਿਨ ਬਚੇ ਹਨ ਤੇ ਇਸ ਵਾਰ ਦਾ ਬਜਟ ਨੋਟਬੰਦੀ ਤੋਂ ਬਾਅਦ ਲੋਕਾਂ ਲਈ ਤੋਹਫਾ ਜਾਂ ਪ੍ਰੇਸ਼ਾਨੀ ਦੋਹਾਂ ਦਾ ਸਬੱਬ ਬਣ ਸਕਦਾ ਹੈ ।ਫਿਲਹਾਲ ਬਜਟ ਵਿਚ ਸਭ ਤੋਂ ਵੱਧ ਉਮੀਦ ਟੈਕਸ ਵਿਚ ਰਾਹਤ ਦੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਸੇ ਤਰਾਂ ਦੇ ਸਪੱਸ਼ਟ ਸੰਕੇਤ ਤਾਂ ਨਹੀਂ ਹਨ ਪਰ ਫਿਰ ਵੀ ਟੈਕਸ ਸਲੈਬ ਵਿਚ ਛੋਟ ਦੀ ਉਮੀਦ ਨੂੰ ਨੋਟਬੰਦੀ ਤੋਂ ਬਾਅਦ ਸਭ ਤੋਂ ਅਹਿਮ ਕਦਮ ਮੰਨਿਆ ਜਾ ਰਿਹਾ ਹੈ । ਫਿਲਹਾਲ ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ, ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਵਾਰ ਟੈਕਸ ਵਿਚ ਛੋਟ ਦੀ ਸੀਮਾ ਨੂੰ ਵਧਾ ਕੇ 2.5 ਲੱਖ ਤੋਂ 4 ਲੱਖ ਕਰਨ ਜਾ ਰਹੀ ਹੈ, ਯਾਨਿ ਕਿ ਜਿਹਨਾਂ ਦੀ ਆਮਦਨ 33,333/- ਰੁਪਏ ਤੱਕ ਉਹਨਾਂ ਨੂੰ ਟੈਕਸ ਨਹੀਂ ਦੇਣਾ ਪਵੇਗਾ। ਹੁਣ ਤੱਕ 20,833 ਰੁਪਏ ਪ੍ਰਤੀ ਮਹੀਨਾ ਆਮਦਨ ਤੇ ਵੀ ਟੈਕਸ ਲੱਗਦਾ ਹੈ । ਮੌਜੂਦਾ ਟੈਕਸ ਸਲੈਬ ਵਿਚ ਬਦਲਾਅ ਕਰਦਿਆਂ ਸਰਕਾਰ ਜੇ ਨਵੀਂ ਸਲੈਬ ਬਣਾਉਂਦੀ ਹੈ ਤਾਂ ਉਸ ਦੇ ਮੁਤਾਬਕ 4,00,000 ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ ਜਦਕਿ 4 ਤੋਂ 10 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ 10 ਫੀਸਦੀ ਟੈਕਸ ਅਦਾ ਕਰਨਾ ਪੈ ਸਕਦਾ ਹੈ । ਇਸ ਦੇ ਨਾਲ ਹੀ ਰਾਹਤ ਭਰੀ ਖਬਰ ਇਹ ਹੈ ਕਿ ਜੇਕਰ ਤੁਹਾਡੀ ਆਮਦਨ 5 ਲੱਖ ਰੁਪਏ ਹੈ ਤਾਂ ਤੁਹਾਨੂੰ ਮੌਜੂਦਾ ਸਮੇਂ ਵਿਚ 25,750/- ਰੁਪਏ ਦੇ ਬਦਲੇ ਸਿਰਫ 10,300/- ਰੁਪਏ ਟੈਕਸ ਦੇਣਾ ਪਵੇਗਾ, ਯਾਨਿ ਕਿ ਇੱਥੇ ਵੀ ਤੁਹਾਨੂੰ 15,450 ਰੁਪਏ ਦੀ ਬਚਤ ਹੋਵੇਗੀ । ਫਿਲਹਾਲ ਦੇਸ਼ ਵਿਚ ਲਾਗੂ ਵਿਵਸਥਾ ਮੁਤਾਬਕ 2,50,000 ਰੁਪਏ ਸਲਾਨਾ ਆਮਦਨ ਤੇ ਟੈਕਸ ਨਹੀਂ ਦੇਣਾ ਪੈਂਦਾ, ਜਦਕਿ 2.5 ਤੋਂ 5 ਲੱਖ ਰੁਪਏ ਤੇ 10 ਫੀਸਦੀ ਟੈਕਸ ਲੱਗਦਾ ਹੈ। ਹਾਲਾਂਕਿ ਸਰਕਾਰ ਇਸ ਬਜਟ ਦੌਰਾਨ ਕਈ ਅਹਿਮ ਐਲਾਨ ਕਰਨ ਦੀ ਤਿਆਰੀ ਵਿਚ ਹੈ, ਕਿਉਂਕਿ ਮੰਨਿਆ ਇਹੀ ਜਾ ਰਿਹਾ ਹੈ ਕਿ ਨੋਟਬੰਦੀ ਤੋਂ ਬਾਅਦ ਆਮ ਜਨਤਾ ਨੂੰ ਰਾਹਤ ਦੇਣ ਵਿਚ ਜੁਟੀ ਕੇਂਦਰ ਸਰਕਾਰ ਬਜਟ ਤੇ ਟੈਕਸ ਨਾਲ ਜੁੜੀਆਂ ਕਈ ਰਿਆਇਤਾਂ ਦੀ ਘੋਸ਼ਣਾ ਦੇ ਨਾਲ ਨਾਲ ਟੈਕਸ ਵਿਚ ਛੋਟ ਦੇਣ ਨੂੰ ਤਰਜੀਹ ਦੇ ਸਕਦੀ ਹੈ ।